ਨਜ਼ਮ
ਬੀਤ ਗਏ ਨੇ ਕਈ ਦਹਾਕੇ
ਵਸ ਗਏ ਹਾਂ ਪਰਦੇਸ ‘ਚ ਆ ਕੇ
ਕੁੱਝ ਯਾਦਾਂ ਨੂੰ ਲਗ ਗਈ ਉੱਲੀ
ਪਰ ਬਚਪਨ ਦੀ ਯਾਦ ਨਾਂ ਭੁੱਲੀ
ਇੱਕ ਯਾਦ ਸਿਫਤੀ ਦੇ ਘਰ ਦੀ
ਉਹ ਦੀਵਾਲੀ ਅੰਮ੍ਰਿਤਸਰ ਦੀ।
..............
ਤੜਕਸਾਰ ਬੇਬੇ ਦਾ ਕਹਿਣਾ
“ਉੱਠ ਕਾਕਾ ਬਾਬੇ ਦੇ ਜਾਣਾ”
ਬਾਪੂ ਜੀ ਦੇ ਮੋਢੇ ਚੜ੍ਹ ਕੇ
ਫਿਰ ‘ਟੇਸ਼ਨ ਤੋਂ ਗੱਡੀ ਫੜ ਕੇ
ਹਾਲੀਂ ਤੀਕਰ ਯਾਦ ਹੈ ਬੇਸ਼ੱਕ
ਉਹ ਇੰਜਣ ਦੀ ਸ਼ੂੰ-ਸ਼ੂੰ-ਸ਼ਕ-ਸ਼ਕ
ਜੀਕੂੰ ਕੋਈ ਵਸਤ ਅਮੁੱਲੀ
ਮੈਨੂੰ ਅਜਾਂ ਤੀਕ ਨਹੀਂ ਭੁੱਲੀ
ਇਕ ਯਾਦ ਸਿਫਤੀ ਦੇ ਘਰ ਦੀ
ਉਹ ਦੀਵਾਲੀ ਅੰਮ੍ਰਿਤਸਰ ਦੀ ।
...............
ਮੈਨੂੰ ਨਹੀਂ ਜੇ ਭੁੱਲਣਾ ਹਰਗਿਜ਼
ਉਹ ਅਦੁੱਤੀ ਨੂਰ ਦਾ ਮਰਕਜ਼
ਹਰ ਸ਼ੈ ‘ਤੇ ਸੋਨੇ ਦੀ ਰੰਗਤ
ਬਾਲ ਮਨ ਮੇਰਾ ਅਚੰਭਤ
ਬਾਪੂ ਦੀ ਉਂਗਲ ਫੜ ਜਾਣਾ
ਸਰੋਵਰ ਵਿਚ ਇਕ ਚੁੱਭੀ ਲਾਉਂਣਾ
ਉਹਨਾਂ ਦਾ ਮੁੜ ਮੁੜ ਕੇ ਕਹਿਣਾ
“ਸੰਭਲ ਕੇ ਕਾਕਾ, ਤਿਲਕ ਨਾ ਜਾਣਾ”
ਚੇਤਾ ਕਰਕੇ ਅੱਖ ਵੀ ਡੁੱਲ੍ਹੀ
ਮੈਨੂੰ ਅਜਾਂ ਤੀਕ ਨਹੀਂ ਭੁੱਲੀ
ਇਕ ਯਾਦ ਸਿਫਤੀ ਦੇ ਘਰ ਦੀ
ਉਹ ਦੀਵਾਲੀ ਅੰਮ੍ਰਿਤਸਰ ਦੀ ।
................
ਸੋਨ-ਅੱਖਰਾਂ ਦੇ ਵਿਚ ਲਿੱਖੀ
ਜਿੱਥੇ ਪਲੀ, ਬੜੀ ਹੋਈ ਸਿੱਖੀ
ਜਿਸਦੀ ਰੂਹ ਧਰਤੀਉਂ ਚੌੜੀ
ਜਿਸਦੀ ਸੋਚ ਅੰਬਰ ਤੋਂ ਖੁੱਲ੍ਹੀ
ਮੈਨੂੰ ਅਜਾਂ ਤੀਕ ਨਹੀਂ ਭੁੱਲੀ
ਇਕ ਯਾਦ ਸਿਫਤੀ ਦੇ ਘਰ ਦੀ
ਉਹ ਦੀਵਾਲੀ ਅੰਮ੍ਰਿਤਸਰ ਦੀ ।
1 comment:
bahut sohni nazam hai.
Post a Comment