-----
ਅੱਜ ਉਹਨਾਂ ਦੀ ਇੱਕ ਹੋਰ ਈਮੇਲ ਆਈ ਹੈ ਕਿ ਉਹਨਾਂ ਨੂੰ ਇੱਕ ਕਠਿਨ ਆਪਰੇਸ਼ਨ ‘ਚੋਂ ਇੱਕ ਵਾਰ ਫੇਰ ਗੁਜ਼ਰਨਾ ਪੈ ਰਿਹਾ ਹੈ। ਬਹੁਤ ਜ਼ਿੰਦਾ-ਦਿਲ ਅਤੇ ਖ਼ੁਸ਼-ਮਿਜਾਜ਼ ਹਨ ਰਵੀ ਸਾਹਿਬ! ਜ਼ਰਾ ਪੜ੍ਹੋ ਤਾਂ ਕੀ ਲਿਖਦੇ ਨੇ। ਉਹਨਾਂ ਦੀ ਈਮੇਲ ਏਥੇ ਪੋਸਟ ਕਰ ਰਹੀ ਹਾਂ:-
Halo Tamanna!
I will be in
What a festival of lights!!!
Life is full of surprises and fun.
I am enjoying every moment of it.
Have a nice day.
-----
ਉਹਨਾਂ ਨੇ ਇੱਕ ਨਵੀਂ ਨਜ਼ਮ ‘ਸ਼ੀਸ਼ੇ ਦੀ ਭਾਸ਼ਾ’ ਲਿਖ ਕੇ ਭੇਜੀ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਜਲਦ ਸਿਹਤਯਾਬੀ ਦੀ ਦੁਆ ਕਰਦਿਆਂ, ਇਹ ਨਜ਼ਮ ਆਰਸੀ ‘ਚ ਸ਼ਾਮਲ ਕਰ ਰਹੀ ਹਾਂ। ਆਪਰੇਸ਼ਨ ਤੋਂ ਬਾਅਦ ਉਹਨਾਂ ਦੀ ਨਵੀਂ ਨਜ਼ਮ ਦੀ ਉਡੀਕ ਰਹੇਗੀ। ਆਮੀਨ!!
ਅਦਬ ਸਹਿਤ
ਤਨਦੀਪ ‘ਤਮੰਨਾ’
*****************
ਸ਼ੀਸ਼ੇ ਦੀ ਭਾਸ਼ਾ
ਨਜ਼ਮ
ਸ਼ੀਸ਼ੇ ਦੀ ਭਾਸ਼ਾ ਅਕਸ
ਅਕਸ ਦਾ ਸੋਮਾ ਬੁੱਤ
ਆਪਣੇ ਹੀ ਅੰਦਰ ਬੁੱਤ
ਤਣਾਅ ਪ੍ਰਤੀ-ਤਣਾਅ ਵਿਚ
ਟੁੱਟ ਗਿਆ
‘ਨ੍ਹੇਰੀ ਆਈ, ਰੇਤ ਵਾਂਗ,
ਬਿਖਰ ਗਿਆ
ਆਪਣੇ ਹੀ ਟੁਕੜੇ
ਇਕੱਠੇ ਕਰਨ ਦੇ
ਯਤਨ ਵਿਚ ਬੁੱਤ
ਸ਼ੀਸ਼ੇ ਵਲ ਪਰਤਿਆ
.....................
.....................
ਏਨਾ ਕੁਝ ਬਦਲ ਗਿਆ!!!
....................
ਪਰ
....................
ਅਕਸ ਨਹੀਂ ਬਦਲਿਆ!!!
ਮਨ ਦੇ ਹਾਣੀ
ਕਾਵਿ-ਨਾਟਕ ‘ਮਨ ਦੇ ਹਾਣੀ’ ਦਾ ਥੀਮ ਗੀਤ
ਗੀਤ
ਮਨ ਦੇ ਹਾਣੀ ਕਿੱਥੋਂ ਲੱਭੀਏ?
ਮਨ ਦੇ ਹਾਣ ਨਾ ਲੱਭਦੇ।
ਤਨ ਦੀ ਭਾਸ਼ਾ ਬੋਲਣ ਸਾਰੇ,
ਬੂਹੇ ਬੰਦ ਨੇ ਸਭ ਦੇ।
-----
ਕੰਧਾਂ ਦੀ ਵਲ਼ਗਣ ਦੇ ਅੰਦਰ,
ਘਿਰ ਗਈ ਰੂਹ ਦੀ ਬਾਣੀ।
ਮਾਵਾਂ ਕੋਲ਼ੋਂ ਪੁੱਤ ਵਿਛੜ ਗਏ,
ਹਾਣੀਆਂ ਕੋਲ਼ੋਂ ਹਾਣੀ।
-----
ਟੁੱਟੇ ਰਿਸ਼ਤੇ, ਤਿੜਕੇ ਸ਼ੀਸ਼ੇ,
ਧਰਤੀ ਵਿਚ ਦਰਾੜਾਂ।
ਅੰਬਰ ਨੂੰ ਵੀ ਵੰਡਣਾ ਚਾਹਵਣ,
ਵੰਡਣੀਆਂ ਚਾਹੁਣ ਹਵਾਵਾਂ।
-----
ਮਹਿਕਾਂ ਨੂ ਡੱਬੀ ਬੰਦ ਕਰਕੇ,
ਫੁੱਲ ਸਭ ਤੋੜ ਖਿਲਾਰੇ।
ਪੱਤੀ, ਪੱਤੀ ਸੋਚ ਬਿਖ਼ਰ ਗਈ,
ਵਿਛੜੇ ਖ਼ੁਦ ਤੋਂ ਸਾਰੇ।
-----
ਵਿਚ ਖ਼ਲਾਅ ਦੇ ਉੱਡਦੇ ਫਿਰਦੇ,
ਖਿੱਚੋਂ ਵਿਰਵੇ ਸਾਰੇ।
ਬੇਪਛਾਣ ਅਜਨਬੀ ਬਣ ਗਏ,
ਸਭ ਦੇ ਸਭ ਸਹਾਰੇ।
-----
ਮਨ ਦੀ ਭਾਸ਼ਾ ਬੋਲੇ ਜਿਹੜਾ,
ਉਸਨੂੰ ਕਾਫ਼ਰ ਕਹਿੰਦੇ।
ਖਿੜਕੀ ਬੰਦ, ਭੀੜੀਆਂ ਨਜ਼ਰਾਂ,
ਬੰਦੇ ਕਿੱਥੇ ਰਹਿੰਦੇ?
-----
ਰਾਜਨੀਤੀਆਂ ਵਿਚ ਵੀ ਜੰਗਲ਼,
ਨੇਤਾ ਜੰਗਲ਼ ਦੀ ਸੰਤਾਨ।
ਅਮਨ, ਸ਼ਾਂਤੀ, ਪਿਆਰ, ਮੁਹੱਬਤ,
ਢੂੰਡ ਰਹੇ ਸਭ ਮਨ ਦਾ ਹਾਣ।
-----
ਮਨ ਦੇ ਹਾਣੀ ਕਿੱਥੋਂ ਲੱਭੀਏ?
ਮਨ ਦੇ ਹਾਣ ਨਾ ਲੱਭਦੇ।
ਤਨ ਦੀ ਭਾਸ਼ਾ ਬੋਲਣ ਸਾਰੇ,
ਬੂਹੇ ਬੰਦ ਨੇ ਸਭ ਦੇ।
1 comment:
wah Ravi ji wah...nazam bahut khuub..tuhadi changi sehat lai doctors ton dua mangde haan.........harvinder
Post a Comment