ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, October 19, 2009

ਰਵਿੰਦਰ ਰਵੀ - ਨਜ਼ਮ

ਦੋਸਤੋ! ਬੀ.ਸੀ., ਕੈਨੇਡਾ ਵਸਦੇ ਲੇਖਕ ਰਵਿੰਦਰ ਰਵੀ ਸਾਹਿਬ ਨੂੰ 25 ਮਈ ਨੂੰ Cardioversion (Electric Shock Treatment to the Heart) ਵਿਚੋਂ ਗੁਜ਼ਰਨਾ ਪਿਆ ਸੀ।। ਉਹਨਾਂ ਨੇ ਇਸ ਅਨੁਭਵ ਬਾਰੇ ਸਤੰਬਰ ਚ ਇੱਕ ਨਜ਼ਮ ਵੀ ਲਿਖ ਕੇ ਭੇਜੀ ਸੀ।

-----

ਅੱਜ ਉਹਨਾਂ ਦੀ ਇੱਕ ਹੋਰ ਈਮੇਲ ਆਈ ਹੈ ਕਿ ਉਹਨਾਂ ਨੂੰ ਇੱਕ ਕਠਿਨ ਆਪਰੇਸ਼ਨ ਚੋਂ ਇੱਕ ਵਾਰ ਫੇਰ ਗੁਜ਼ਰਨਾ ਪੈ ਰਿਹਾ ਹੈ। ਬਹੁਤ ਜ਼ਿੰਦਾ-ਦਿਲ ਅਤੇ ਖ਼ੁਸ਼-ਮਿਜਾਜ਼ ਹਨ ਰਵੀ ਸਾਹਿਬ! ਜ਼ਰਾ ਪੜ੍ਹੋ ਤਾਂ ਕੀ ਲਿਖਦੇ ਨੇ। ਉਹਨਾਂ ਦੀ ਈਮੇਲ ਏਥੇ ਪੋਸਟ ਕਰ ਰਹੀ ਹਾਂ:-

Halo Tamanna!

I will be in Vancouver from October 20th. to 23rd. for another operation.This time the doctor/surgeon & his team will try to fix the electrical system of my heart, to celebrate the Diwali of their experimentation.

What a festival of lights!!!

Life is full of surprises and fun.

I am enjoying every moment of it.

Have a nice day.

Ravi.

-----

ਉਹਨਾਂ ਨੇ ਇੱਕ ਨਵੀਂ ਨਜ਼ਮ ਸ਼ੀਸ਼ੇ ਦੀ ਭਾਸ਼ਾ ਲਿਖ ਕੇ ਭੇਜੀ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਜਲਦ ਸਿਹਤਯਾਬੀ ਦੀ ਦੁਆ ਕਰਦਿਆਂ, ਇਹ ਨਜ਼ਮ ਆਰਸੀ ਚ ਸ਼ਾਮਲ ਕਰ ਰਹੀ ਹਾਂ। ਆਪਰੇਸ਼ਨ ਤੋਂ ਬਾਅਦ ਉਹਨਾਂ ਦੀ ਨਵੀਂ ਨਜ਼ਮ ਦੀ ਉਡੀਕ ਰਹੇਗੀ। ਆਮੀਨ!!

ਅਦਬ ਸਹਿਤ

ਤਨਦੀਪ ਤਮੰਨਾ

*****************

ਸ਼ੀਸ਼ੇ ਦੀ ਭਾਸ਼ਾ

ਨਜ਼ਮ

ਸ਼ੀਸ਼ੇ ਦੀ ਭਾਸ਼ਾ ਅਕਸ

ਅਕਸ ਦਾ ਸੋਮਾ ਬੁੱਤ

ਆਪਣੇ ਹੀ ਅੰਦਰ ਬੁੱਤ

ਤਣਾਅ ਪ੍ਰਤੀ-ਤਣਾਅ ਵਿਚ

ਟੁੱਟ ਗਿਆ

ਨ੍ਹੇਰੀ ਆਈ, ਰੇਤ ਵਾਂਗ,

ਬਿਖਰ ਗਿਆ

ਆਪਣੇ ਹੀ ਟੁਕੜੇ

ਇਕੱਠੇ ਕਰਨ ਦੇ

ਯਤਨ ਵਿਚ ਬੁੱਤ

ਸ਼ੀਸ਼ੇ ਵਲ ਪਰਤਿਆ

.....................

.....................

ਏਨਾ ਕੁਝ ਬਦਲ ਗਿਆ!!!

....................

ਪਰ

....................

ਅਕਸ ਨਹੀਂ ਬਦਲਿਆ!!!

========

ਮਨ ਦੇ ਹਾਣੀ

ਕਾਵਿ-ਨਾਟਕ ਮਨ ਦੇ ਹਾਣੀ ਦਾ ਥੀਮ ਗੀਤ

ਗੀਤ

ਮਨ ਦੇ ਹਾਣੀ ਕਿੱਥੋਂ ਲੱਭੀਏ?

ਮਨ ਦੇ ਹਾਣ ਨਾ ਲੱਭਦੇ।

ਤਨ ਦੀ ਭਾਸ਼ਾ ਬੋਲਣ ਸਾਰੇ,

ਬੂਹੇ ਬੰਦ ਨੇ ਸਭ ਦੇ।

-----

ਕੰਧਾਂ ਦੀ ਵਲ਼ਗਣ ਦੇ ਅੰਦਰ,

ਘਿਰ ਗਈ ਰੂਹ ਦੀ ਬਾਣੀ।

ਮਾਵਾਂ ਕੋਲ਼ੋਂ ਪੁੱਤ ਵਿਛੜ ਗਏ,

ਹਾਣੀਆਂ ਕੋਲ਼ੋਂ ਹਾਣੀ।

-----

ਟੁੱਟੇ ਰਿਸ਼ਤੇ, ਤਿੜਕੇ ਸ਼ੀਸ਼ੇ,

ਧਰਤੀ ਵਿਚ ਦਰਾੜਾਂ।

ਅੰਬਰ ਨੂੰ ਵੀ ਵੰਡਣਾ ਚਾਹਵਣ,

ਵੰਡਣੀਆਂ ਚਾਹੁਣ ਹਵਾਵਾਂ।

-----

ਮਹਿਕਾਂ ਨੂ ਡੱਬੀ ਬੰਦ ਕਰਕੇ,

ਫੁੱਲ ਸਭ ਤੋੜ ਖਿਲਾਰੇ।

ਪੱਤੀ, ਪੱਤੀ ਸੋਚ ਬਿਖ਼ਰ ਗਈ,

ਵਿਛੜੇ ਖ਼ੁਦ ਤੋਂ ਸਾਰੇ।

-----

ਵਿਚ ਖ਼ਲਾਅ ਦੇ ਉੱਡਦੇ ਫਿਰਦੇ,

ਖਿੱਚੋਂ ਵਿਰਵੇ ਸਾਰੇ।

ਬੇਪਛਾਣ ਅਜਨਬੀ ਬਣ ਗਏ,

ਸਭ ਦੇ ਸਭ ਸਹਾਰੇ।

-----

ਮਨ ਦੀ ਭਾਸ਼ਾ ਬੋਲੇ ਜਿਹੜਾ,

ਉਸਨੂੰ ਕਾਫ਼ਰ ਕਹਿੰਦੇ।

ਖਿੜਕੀ ਬੰਦ, ਭੀੜੀਆਂ ਨਜ਼ਰਾਂ,

ਬੰਦੇ ਕਿੱਥੇ ਰਹਿੰਦੇ?

-----

ਰਾਜਨੀਤੀਆਂ ਵਿਚ ਵੀ ਜੰਗਲ਼,

ਨੇਤਾ ਜੰਗਲ਼ ਦੀ ਸੰਤਾਨ।

ਅਮਨ, ਸ਼ਾਂਤੀ, ਪਿਆਰ, ਮੁਹੱਬਤ,

ਢੂੰਡ ਰਹੇ ਸਭ ਮਨ ਦਾ ਹਾਣ।

-----

ਮਨ ਦੇ ਹਾਣੀ ਕਿੱਥੋਂ ਲੱਭੀਏ?

ਮਨ ਦੇ ਹਾਣ ਨਾ ਲੱਭਦੇ।

ਤਨ ਦੀ ਭਾਸ਼ਾ ਬੋਲਣ ਸਾਰੇ,

ਬੂਹੇ ਬੰਦ ਨੇ ਸਭ ਦੇ।


1 comment:

harvinder said...

wah Ravi ji wah...nazam bahut khuub..tuhadi changi sehat lai doctors ton dua mangde haan.........harvinder