ਅਸੂਲਾਂ ਨੂੰ ਨਿਭਾਉਂਦੇ ਸੀ, ਬੜੀ ਹੀ ਦੇਰ ਦੀ ਗੱਲ ਹੈ।
ਗ਼ਜ਼ਲ 'ਦੀਪਕ'** ਅਖਾਉਂਦੇ ਸੀ, ਬੜੀ ਹੀ ਦੇਰ ਦੀ ਗੱਲ ਹੈ।
------
ਜਦੋਂ ਦਾ ਦੂਰ ਤੂੰ ਹੋਇਐਂ, ਉਦਾਸੀ ਘੇਰਿਆ ਮੈਨੂੰ,
ਅਸੀ ਵੀ ਮੁਸਕਰਾਉਂਦੇ ਸੀ, ਬੜੀ ਹੀ ਦੇਰ ਦੀ ਗੱਲ ਹੈ।
-----
ਗ਼ਮਾਂ ਦੇ ਗੀਤ ਗਾਉਂਦੇ ਹਾਂ, ਤੁਹਾਨੂੰ ਯਾਦ ਕਰ ਕਰ ਕੇ,
ਖ਼ੁਸ਼ੀ ਦੇ ਗੀਤ ਗਾਉਂਦੇ ਸੀ, ਬੜੀ ਹੀ ਦੇਰ ਦੀ ਗੱਲ ਹੈ।
-----
ਉਹ ਆਕੜਖੋਰ ਹੋ ਗਏ ਨੇ, ਬੁਲਾਇਆਂ ਬੋਲਦੇ ਨਈਂ ਹੁਣ,
ਕਦੇ ਆਪੇ ਬਲਾਉਂਦੇ ਸੀ, ਬੜੀ ਹੀ ਦੇਰ ਦੀ ਗੱਲ ਹੈ।
------
ਜਿਨਾਂ ਨੇ ਵੇਖ ਕੇ ਮੈਨੂੰ, ਘੁਮਾ ਲਈਆਂ ਨੇ ਨਜ਼ਰਾਂ ਅੱਜ,
ਉਹ ਨੈਣਾਂ ਵਿਚ ਵਸਾਉਂਦੇ ਸੀ, ਬੜੀ ਹੀ ਦੇਰ ਦੀ ਗੱਲ ਹੈ।
-----
ਜਿਨਾਂ ਅੱਜ ਆਖਿਆ ਮੈਨੂੰ, ਭਲਾ ਤੂੰ ਕੋਣ ਹੈਂ ਕਾਕਾ?
ਇਹੋ ਖ਼ੁਦ ਹੱਥ ਮਿਲਾਉਂਦੇ ਸੀ, ਬੜੀ ਹੀ ਦੇਰ ਦੀ ਗੱਲ ਹੈ।
-----
ਤੂੰ ਨੈਣਾਂ ਦੀ ਪਿਲਾਈ ਜਦ, ਮੈਂ ਪੀਣੀ ਭੁਲ ਗਿਆ ਦਾਰੂ,
ਕਦੇ ਪੀਂਦੇ ਪਿਲਾਉਂਦੇ ਸੀ, ਬੜੀ ਹੀ ਦੇਰ ਦੀ ਗੱਲ ਹੈ।
------
ਮੇਰੇ ਲਈ ਸਾਜਿਸ਼ਾਂ ਘੜਦੇ ਨੇ ਜੋ ਮਿਲ ਕੇ ਰਕੀਬਾਂ ਨਾਲ,
ਹਿਤੈਸ਼ੀ ਬਣ ਕੇ ਆਉਂਦੇ ਸੀ, ਬੜੀ ਹੀ ਦੇਰ ਦੀ ਗੱਲ ਹੈ।
*******
**{ ਦਾਦਾ ਉਸਤਾਦ "ਦੀਪਕ ਜੈਤੋਈ" ਨੂੰ ਮੁਖ਼ਾਤਬ ਹੋ ਕੇ }
No comments:
Post a Comment