ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, October 21, 2009

ਮੋਹਨ ਸਿੰਘ ਔਜਲਾ - ਗ਼ਜ਼ਲ

ਸਾਹਿਤਕ ਨਾਮ: ਮੋਹਨ ਸਿੰਘ ਔਜਲਾ
ਅਜੋਕਾ ਨਿਵਾਸ: ਕੈਲਗਰੀ, ਕੈਨੇਡਾ
ਕਿਤਾਬਾਂ: ਰਚਨਾਵਾਂ ਅਜੇ ਕਿਤਾਬੀ ਰੂਪ ‘ਚ ਪ੍ਰਕਾਸ਼ਿਤ ਨਹੀਂ ਹੋਈਆਂ।
ਦੋਸਤੋ! ਅੱਜ ਕੈਲਗਰੀ ਤੋਂ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਨੇ ਮੋਹਨ ਸਿੰਘ ਔਜਲਾ ਸਾਹਿਬ ਦੀ ਇੱਕ ਖ਼ੂਬਸੂਰਤ ਗ਼ਜ਼ਲ ਨਾਲ਼ ਹਾਜ਼ਰੀ ਲਵਾਈ ਹੈ। ਸੰਧੂ ਸਾਹਿਬ ਦਾ ਸ਼ੁਕਰੀਆ। ਔਜਲਾ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਜੀਅ ਆਇਆਂ ਆਖਦੀ ਹੋਈ, ਇਸ ਗ਼ਜ਼ਲ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
**************
ਗ਼ਜ਼ਲ
ਮਿਰਾ ਸਾਕੀ ਰਿੰਦਾਂ ਨੂੰ ਭਰ ਭਰ ਪਿਆਲੇ
ਮੁਹੱਬਤ ਦੀ ਮੈਅ ਦੇ ਪਿਲਾਉਂਦਾ ਪਿਆ ਏ।
ਇਕੱਠੇ ਬਹਾ ਮੋਮਨਾਂ ਕਾਫ਼ਰਾਂ ਨੂੰ
ਸਦੀਵੀ ਤਗਾਦੇ ਮਿਟਾਉਂਦਾ ਪਿਆ ਏ।
------
ਬਹਿਸ਼ਤਾਂ ਸਵਰਗਾਂ ਦੇ ਲਾਰੇ ਨਾ ਲਾਵੇ
ਉਹ ਹੂਰਾਂ ਤੇ ਪਰੀਆਂ ਦਾ ਚੋਗਾ ਨਾ ਪਾਵੇ,
ਸਲੀਕਾ ਮੁਹੱਬਤ ਦਾ ਸਭ ਨੂੰ ਸਿਖਾਵੇ
ਤੇ ਦੁਨੀਆਂ ਨੂੰ ਜੱਨਤ ਬਣਾਉਂਦਾ ਪਿਆ ਏ।
-----
ਉਹੀ ਲੋਕ ਪੂਜਣ ਦੇ ਕਾਬਿਲ ਨੇ ਹੁੰਦੇ
ਜੋ ਫੱਟ ਲਾਉਂਣ ਦੀ ਥਾਂ ਲ਼ਗਾਉਂਦੇ ਨੇ ਮਰਹਮ,
ਇਹ ਸਾਕ਼ੀ ਦਾ ਮੈਖਾਨਾ ਐਸੀ ਜਗ੍ਹਾ ਹੈ
ਜੋ ਆਪਸ ਚ ਮਿਲਣਾ ਸਿਖਾਉਂਦਾ ਪਿਆ ਏ।
-----
ਉਹ ਕਰਦੇ ਨੇ ਖ਼ਰਮਸਤੀਆਂ ਪੀਣ ਪਿੱਛੋਂ
ਸਲੀਕ਼ਾ ਨਾ ਪੀਣੇ ਦਾ ਜੋ ਜਾਣਦੇ ਨੇ,
ਹੈ ਰਿੰਦਾਂ ਦੀ ਆਦਤ ਤੇ ਫਿਤਰਤ ਤੋਂ ਵਾਕਿਫ਼
ਬੁਰਾ ਨਾ ਕਿਸੇ ਦਾ ਮਨਾਉਂਦਾ ਪਿਆ ਏ।
-----
ਨਾ ਅਹਿਸਾਨ ਕਰਕੇ ਕਿਸੇ ਨੂੰ ਚਿਤਾਰੇ
ਤੇ ਖੁਸ਼ ਹੋ ਕੇ ਹਰਇਕ ਨੂੰ ਹਰਦਮ ਨਿਵਾਜੇ,
ਮਿਰਾ ਸਾਕ਼ੀ ਹੈ ਖੁਲ੍ਹਦਿਲਾ ਤੇ ਦਿਆਲੂ
ਜੋ ਅਜ਼ਲਾਂ ਤੋਂ ਸਭ ਨੂੰ ਰਜਾਉਂਦਾ ਪਿਆ ਏ।
-----
ਨਾ ਹੋ ਕੇ ਖ਼ਫ਼ਾ ਉਹ ਤਿਆਗੇ ਹਲੀਮੀ
ਬੜੀ ਸਹਿਨ-ਸ਼ਕਤੀ ਦਾ ਮਾਲਿਕ ਹੈ ਸਾਕ਼ੀ,
ਨਾ ਗੁਸਤਾਖ਼ ਰਿੰਦਾਂ ਦੇ ਐਬਾਂ ਨੂੰ ਦੇਖੇ
ਉਹੀ ਲਾਡ ਸਭ ਨੂੰ ਲਡਾਉਂਦਾ ਪਿਆ ਏ।
-----
ਨਾ ਘੂਰੇ, ਨਾ ਝਿੜਕੇ, ਨਾ ਰੇਕੇ, ਨਾ ਟੋਕੇ,
ਖੁਆਂਦਾ ਪਿਆਂਦਾ ਉਹ ਅੱਕਦਾ ਨਾ ਥੱਕਦਾ,
ਸਵਾਲੀ ਨਾ ਖ਼ਾਲੀ ਮੁੜੇ ਉਸਦੇ ਦਰ ਤੋਂ
ਹਰਿੱਕ ਦਿਲ ਦੀ ਤਰਿਸ਼ਨਾ ਬੁਝਾਉਂਦਾ ਪਿਆ ਏ।
-----
ਜ਼ਮਾਨੇ ਦੇ ਦੁੱਖ, ਦਰਦ, ਝੋਰੇ, ਝਮੇਲੇ
ਭੁਲਾ ਦੇਵੇ ਪਲ ਵਿਚ ਦਵਾ ਐਸੀ ਬਖ਼ਸ਼ੇ,
ਮਿਲ਼ੇ ਗ਼ਮ ਤੋਂ ਰਾਹਤ ਫ਼ਿਜ਼ਾ ਮਨ ਦੀ ਬਦਲੇ
ਪਿਲਾ ਰੋਂਦਿਆਂ ਨੂੰ ਹਸਾਉਂਦਾ ਪਿਆ ਏ।
-----
ਨਾ ਜ਼ਾਲਮ ਸਿਤਮਗਰ ਕੋਈ ਉਸ ਨੂੰ ਭਾਵੇ
ਜੋ ਨਿਰਦੋਸ਼ ਲੋਕਾਂ ਦੇ ਦਿਲ ਨੂੰ ਦੁਖਾਵੇ,
ਦਿਲਾਂ ਵਿਚ ਦੂਈ ਤੇ ਜੋ ਨਫ਼ਰਤ ਦੇ ਪਰਦੇ
ਚਿਰਾਂ ਤੋਂ ਤਣੇ ਨੇ ਹਟਾਉਂਦਾ ਪਿਆ ਏ।

No comments: