ਕਰੋਗੇ ਭਾਲ਼ ਜੇ ਖ਼ੁਦ ਆਪ ਅਪਣੇ ਰਸਤਿਆਂ ਦੀ।
ਤੁਹਾਨੂੰ ਫਿਰ ਜ਼ਰੂਰਤ ਨਾ ਪਏਗੀ ਰਹਿਬਰਾਂ ਦੀ।
-----
ਕਿਸੇ ਨੇ ਫਿਰ ਸਿਤਮ ਢਾਇਆ ਹੈ ਉਡਦੇ ਪੰਛੀਆਂ ਤੇ,
ਸੁਣੀ ਹੈ ਮੈਂ ਫ਼ਜ਼ਾ ਚੋਂ ਚੀਖ਼ ਉਹਨਾਂ ਦੇ ਪਰਾਂ ਦੀ।
-----
ਮੁਹੱਬਤ ਨਾਲ ਮਿਲਦੇ ਨੇ ਸਦਾ, ਜਦ ਵੀ ਉਹ ਮਿਲਦੇ,
ਹਿਨਾ ਵਰਗੀ ਨਫ਼ਾਸਤ** ਹੈ ਉਨ੍ਹਾਂ ਦੇ ਜਜ਼ਬਿਆਂ ਦੀ।
-----
ਕਿਤੇ ਅੱਖਾਂ ‘ਚ ਡਰ ਹੈ ਤੇ ਕਿਤੇ ਮੰਜ਼ਰ ਦੁਖਾਵੇਂ ,
ਕਿਹੀ ਹਾਲਤ ਹੈ ਹੁਣ ਇਹ ਜ਼ਿੰਦਗੀ ਦੇ ਮੌਸਮਾਂ ਦੀ।
-----
ਕਿਸੇ ਬੇਵਸ ਤਵਾਇਫ਼ ਦੀ ਉਦਾਸੀ ਮਨ ‘ਚ ਉਤਰੇ,
ਮੈ ਜਦ ਆਵਾਜ਼ ਸੁਣਦਾ ਉਸ ਦੇ ਪੈਰੀਂ ਝਾਂਜਰਾਂ ਦੀ।
-----
ਉਜਾਲਾ ਹੈ ਖ਼ੁਦਾਈ ਮਾਂ ਦੀ ਮਮਤਾ ਹਰ ਕਿਰਨ ਵਿਚ,
ਖ਼ੁਦਾ ਦਾ ਰੂਪ ਹੈ ਉਹ, ਮਹਿਕ ਹੈ ਉਹ ਰਿਸ਼ਤਿਆਂ ਦੀ।
-----
ਨਵੇਂ ਰਸਤੇ ਨਿਕਲ ਸਕਦੇ ਨੇ ਤੇਰੇ ਹਰ ਕ਼ਦਮ ਚੋਂ,
ਜੇ ਤੇਰੇ ਖ਼ੂਨ ਵਿਚ ‘ਦਰਸ਼ਨ’ ਤਲਬ ਹੈ ਕਹਿਕਸ਼ਾਂ ਦੀ।
********
** ਨਫ਼ਾਸਤ: ਖ਼ੂਬਸੂਰਤ ਰੂਪ, ਦਿਲਰੁਬਾ ਸੀਰਤ
No comments:
Post a Comment