ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, October 23, 2009

ਸੁਖਮਿੰਦਰ ਰਾਮਪੁਰੀ - ਗ਼ਜ਼ਲ

ਗ਼ਜ਼ਲ

ਫੁੱਟ-ਪਾਥ ਤੇ ਪਿਆਂ ਨੂੰ ਤੂੰ, ਇਕ ਸੁਪਨਿਆਂ ਦਾ ਘਰ ਦਈਂ।

ਕਾਣੀਆਂ ਵੰਡਾਂ ਦੇ ਮਾਰੇ, ਜੀਣ ਜੋਗੇ ਕਰ ਦਈਂ।

-----

ਮੁਸਕਰਾ ਕੇ ਜਿਨ੍ਹਾਂ ਨੇ, ਸਾਰੀ ਉਮਰ ਤੱਕਿਆ ਨਹੀਂ,

ਦੇ ਨਾ ਦੇ ਖ਼ੁਸ਼ੀਆਂ ਉਨ੍ਹਾਂ ਨੂੰ, ਹੋਰ ਨਾ ਸੱਥਰ ਦਈਂ।

-----

ਬੇ-ਪਰੇ ਬੋਟਾਂ ਦੀ ਰਾਖੀ, ਆਲ੍ਹਣੇ ਦੇ ਵਿਚ ਕਰੀਂ,

ਅੰਬਰ ਉਡਾਰੀ ਲਾਉਣ ਨੂੰ, ਦਿਨ ਰਾਤ ਜੇਡੇ ਪਰ ਦਈਂ।

-----

ਮੈਨੂੰ ਤਰਾਸ਼ ਕੇ ਉਨ੍ਹਾਂ, ਅਪਣਾ ਖ਼ੁਦਾ ਬਣਾ ਲਿਆ,

ਹੁਣ ਉਨ੍ਹਾਂ ਨੂੰ ਮੇਰੇ ਵਰਗਾ, ਹੋਰ ਨਾ ਪੱਥਰ ਦਈਂ।

-----

ਤੇਰੇ ਦਰ ਤੱਕ ਪਹੁੰਚਣਾ ਵਰਜਿਤ ਜਿਨ੍ਹਾਂ ਦੇ ਵਾਸਤੇ,

ਅਪਣੀ ਰਹਿਮਤ ਪਾਉਣ ਦਾ ਵੀ, ਤੂੰ ਉਨ੍ਹਾਂ ਨੂੰ ਵਰ ਦਈਂ।

-----

ਹੋ ਕੇ ਨਿਰਾਸ਼ ਜ਼ਿੰਦਗੀ ਤੋਂ ਮੂੰਹ ਕੋਈ ਮੋੜੇ ਕਦੇ,

ਜੀਵਨ ਦਿਆਂ ਚਾਵਾਂ ਦੇ ਨਾਲ਼ ਸੋਚ ਉਸਦੀ ਭਰ ਦਈਂ।

-----

ਜੋ ਵੀ ਥਲ ਦਿਸਦਾ ਏ ਤੈਨੂੰ, ਉਸ ਦੇ ਦਿਲ ਦੀ ਹੂਕ ਸੁਣ,

ਗੋਦ ਭਰ ਕੇ ਉਸਦੀ ਤੇ ਨਖ਼ਲਸਤਾਨ ਦਾ ਪੁੱਤਰ ਦਈਂ।

-----

ਜਦ ਵਪਾਰੀ ਜੰਗ ਲਾਵੇ, ਮੰਡੀਆਂ ਦੀ ਭਾਲ਼ ਵਿਚ,

ਉਸ ਨੂੰ ਉਸ ਦੀ ਆਤਮਾ ਦੇ ਰੂ-ਬ-ਰੂ ਤੂੰ ਕਰ ਦਈਂ।

-----

ਮਨ ਦਾ ਸੁਖਵਿੰਦਰ ਕਦੇ, ਸਫ਼ਰ ਵਿਚ ਡੋਲੇ ਤਾਂ ਫਿਰ,

ਉਸ ਦੀ ਚੜ੍ਹਦੀ ਕਲਾ ਹੀ ਤੂੰ, ਉਸ ਦੇ ਸਾਹਵੇਂ ਕਰ ਦਈਂ।

No comments: