ਕਦੇ ਯਾਦਾਂ ‘ਚ ਆਓਗੇ, ਕਦੇ ਖ਼ਾਬਾਂ ‘ਚ ਆਓਗੇ ।
ਰਹੋਗੇ ਦਿਲ ‘ਚ ਸਾਡੇ ਹੀ, ਤੁਸੀਂ ਜਿੱਥੇ ਵੀ ਜਾਓਗੇ ।
-----
ਕਿਆਮਤ ਬਣ ਕੇ ਆਏ ਹੋ, ਕਿਆਮਤ ਕਿਸ ਤੇ ਢਾਓਗੇ।
ਹੁਣੇ ਇਹ ਭੇਤ ਖੁੱਲ੍ਹ ਜਾਣੈਂ, ਤੁਸੀਂ ਜਦ ਮੁਸਕਰਾਓਗੇ ।
-----
ਅਦਾਵਾਂ, ਸ਼ੋਖ਼ੀਆਂ, ਜਦ ਹੁਸਨ ਦੇ ਜਲਵੇ ਦਿਖਾਓਗੇ ।
ਕਿਸੇ ਦਾ ਦਿਲ ਚੁਰਾਓਗੇ, ਕਿਸੇ ਦਾ ਦਿਲ ਜਲ਼ਾਓਗੇ ।
-----
ਤੁਹਾਡੇ ਪਿਆਰ ਦੇ ਬੱਧੇ, ਤੁਹਾਡੇ ਇਕ ਇਸ਼ਾਰੇ ਤੇ,
ਹਵਾ ਤੋਂ ਪਹਿਲਾਂ ਪਹੁੰਚਾਂਗੇ, ਤੁਸੀਂ ਜਦ ਵੀ ਬੁਲਾਓਗੇ ।
-----
ਬੜਾ ਔਖਾ ਹੈ ਜੀਣਾ ਅਪਣਿਆਂ ਤੋਂ ਦੂਰ ਜਾ ਕੇ, ਫਿਰ,
ਕਿਵੇਂ ਹੰਝੂ ਛਿਪਾਓਗੇ, ਕਿਵੇਂ ਹਉਕੇ ਦਬਾਓਗੇ ।
------
ਰਹੇਗੀ ਰਾਜ ਦੀ ਚਾਹਤ, ਨਾ ਉਸਨੂੰ ਤਾਜ ਦੀ ਚਾਹਤ,
ਤੁਸੀਂ ਜਿਸ ਨੂੰ ਮੁੱਹਬਤ ਨਾਲ਼, ਪਲਕਾਂ ਤੇ ਬਿਠਾਓਗੇ ।
------
ਨਾ ਉਸ ਦੀ ਪਿਆਸ ਬੁੱਝੇਗੀ, ਨਾ ਉਸ ਦੀ ਆਸ ਟੁੱਟੇਗੀ,
ਨਜ਼ਰ ਦੇ ਜਾਮ ਭਰ ਭਰ ਕੇ, ਤੁਸੀਂ ਜਿਸ ਨੂੰ ਪਿਲ਼ਾਓਗੇ ।
------
ਕੋਈ ਮੈਨੂੰ ਜਦੋ ਪੁੱਛੇ, ਮੁਹੱਬਤ ਕੀ ਬਲਾ ਹੈ ਤਾਂ,
ਮੈਂ ਹਸ ਕੇ ਆਖਦਾਂ ਹਾਂ, ਜਦ ਕਰੋਗੇ, ਜਾਣ ਜਾਓਗੇ ।
-----
ਤੁਹਾਨੂੰ ਅਪਣੀ ਹਸਤੀ ਦਾ, ਪਤਾ ਲਗ ਜਾਊਗਾ ਆਪੇ,
ਸਮੇਂ ਦੇ ਸੱਚ ਨੂੰ “ਮਾਨਵ” ਜਦੋਂ ਸੱਚਮੁਚ ਹੰਢਾਓਗੇ ।
4 comments:
Manav sahab nu arooz te aboor haasil hai jo nirantar sadhna naal viksit hunda hai ate aapdi ih ghazal aapdi hunarmandi di changgi udahran hai.
Simple but khubbsurat,heart touching.
Davinder kaur
California
WAH MAANAV SAAB........!!
lajawaab ghazal......bemisaal!!
khuda aapnu sada khush rakhe
aapda apna
roop nimana
RAB RAKHA!!
sadgi vich kamal paida karn da namoona.......congratulation!
Post a Comment