ਨਜ਼ਮ
ਤੂੰ ਮੈਥੋਂ ਇਕ ਰਾਤ ਨਾ ਮੰਗ ਅੱਧੀ ਅਧੂਰੀ
ਮੈਨੂੰ ਮੰਗ ਸਾਰੇ ਨੂੰ
.........
ਸਮੁੰਦਰ ਤਾਂ ਸ਼ਾਂਤ ਵਹਿ ਰਿਹਾ ਸੀ
ਇਕ ਫੁੱਲ ਪਤਾ ਨਹੀਂ ਕਿੱਥੋਂ ਆਇਆ
ਖ਼ੁਸ਼ਬੂ ਬਣ ਕੇ ਪਾਣੀਆਂ ‘ਚ ਫ਼ੈਲ ਗਿਆ
ਪਾਣੀ ਬੌਰ੍ਹੇ ਹੋਏ
ਭੁੱਲ ਗਏ ਕਿ
ਕੰਢਿਆਂ ਬਿਨਾਂ ਰਵਾਨੀ ਨਹੀਂ ਰਹਿੰਦੀ
............
ਤੂੰ ਮੇਰੀ ਮਿੱਟੀ ਨਾ ਫਰੋਲ਼
ਮਿੱਟੀ ਨੂੰ ਗੁੰਨ੍ਹ
ਗੁੱਝ ਜਾ ਆਪ ਵੀ
ਇਵੇਂ ਜਿਵੇਂ ਰਾਤ ਗੁਝਦੀ ਹੈ
ਮੈਨੂੰ ਮਿਟਾ ਦੇ
ਤੇ ਮਿਟ ਜਾ ਖ਼ੁਦ ਵੀ
ਇਵੇਂ ਜਿਵੇਂ ਸਿਰਜਣਾ ਹੁੰਦੀ ਹੈ
...........
ਬਹੁਤ ਮਘਦੇ ਸਫ਼ਰ ਤਹਿ ਕੀਤੇ ਹਨ
ਮੇਰੇ ਪੈਰਾਂ ਨੂੰ ਪਾਣੀਆਂ ਦਾ ਅਰਘ ਨਾ ਚੜ੍ਹਾ
ਆਪਣੀ ਵਿਭੂਤੀ ਮੇਰੇ ‘ਤੇ ਮਲ਼ ਦੇ
ਮੇਰਾ ਦਾਹ ਸੰਸਕਾਰ ਕਰ ਦੇ
ਇਸ ਤਰ੍ਹਾਂ ਤੂੰ ਕਰਮ ਕਰ ਦੇ
ਮੇਰੀ ਅਲਖ ਸੁਆ ਦੇ
ਮੇਰੇ ਸਾਰੇ ਰੰਗ ਮੇਟ ਕੇ
ਤੂੰ ਮੈਨੂੰ ਇੰਝ ਰੰਗ ਦੇ
............
ਤੂੰ ਮੈਨੂੰ ਲੈ ਜਾ ਦੂਰ ਕਿਤੇ
ਮੈਨੂੰ ਮੇਰੇ ‘ਚੋਂ ਚੁਰਾ ਲੈ
ਤੂੰ ਮੇਰੇ ਗਲ਼ ਪੈ ਜਾ
ਉਮਰ ਦੀ ਮਾਲ਼ਾ ਬਣ ਕੇ
...........
ਤੂੰ ਆਪਣੇ ਸਾਹਾਂ ਨਾਲ਼ ਮੈਨੂੰ ਜਗਾ ਦੇ
ਇੰਝ ਜਗਾ ਦੇ
ਕਿ ਜੋਗੀ ਦੀ ਸਾਰੀ ਜਗਿਆਸਾ ਖ਼ਤਮ ਹੋ ਜਾਵੇ
ਯੁੱਗਾਂ ਯੁਗਾਂਤਰਾਂ ਦੇ ਸਿਲਸਿਲੇ ਖ਼ਤਮ ਕਰ ਦੇ....
1 comment:
Hamesha de taran ehna de eh nazam ve bahut khoob hai.
Post a Comment