ਕੱਲ੍ਹ ਜਦੋਂ ਬੇਟੀ ਤਨਦੀਪ ਨੇ ਉਹਨਾਂ ਦੇ ਸਭ ਨੂੰ ਅਲਵਿਦਾ ਆਖ ਜਾਣ ਦੀ ਖ਼ਬਰ ਸੁਣਾਈ ਤਾਂ ਮੈਂ ਹਸਨਪੁਰੀ ਸਾਹਿਬ ਨੂੰ ਇੰਝ ਯਾਦ ਕੀਤਾ:
ਮਰਸੀਆ-ਏ-ਇੰਦਰਜੀਤ ਹਸਨਪੁਰੀ
*******
ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ।
ਆਗੀ, ਅਸਾਡੀ ਆਗੀ, ਚੱਲੇ, ਅਸੀਂ ਵੀ ਚੱਲੇ।
-----
ਹੁਣ ਸੁਰਖ਼ੁਰੂ ਹਾਂ ਹੋਏ, ਥੋੜ੍ਹੇ ਪਲਾਂ ਨੂੰ ਛਡਕੇ,
ਸਾਰੀ ਹੀ ਉਮਰ ਸਾਡੇ, ਦਰਦਾਂ ਨੇ ਰਾਹ ਮੱਲੇ।
-----
ਹੈ ਮਰਨ ਪਿੱਛੋਂ ਆਈ, ਮੁਸਕਾਨ ਤਾਂ ਹੀ ਬੁੱਲ੍ਹੀਂ,
ਮਨ ਨੇ ਸਹੇ ਨੇ ਤਾਨ੍ਹੇ, ਤਨ ਨੇ ਤਸੀਹੇ ਝੱਲੇ।
-----
ਜੀਂਦੇ ਰਹੇ ਤਾਂ ਵੇਖੋ, ਪੁੱਛਿਆ ਕਿਸੇ ਨਾ ਸਾਨੂੰ,
ਹੁਣ ਮਰਨ ਪਿੱਛੋਂ ਸਾਡੀ, ਹੋਵੇਗੀ ਬੱਲੇ-ਬੱਲੇ।
-----
ਹੁਣ ਜਾ ਰਹੇ ਹਾਂ ਜਿੱਥੇ, ਪਹੁੰਚੇ ਨਾ ਕਾਂ, ਕਬੂਤਰ,
ਦਿਲਬਰ ਨੂੰ ਆਖ ਦੇਣਾ, ਹੁਣ ਨਾ ਸੁਨੇਹੇ ਘੱਲੇ।
-----
ਸ਼ਰਧਾਂਜਲੀ ਬਹਾਨੇ, ਦਿਲ ਦੀ ਭੜਾਸ ਕਢ ਕੇ,
ਨਾ ਛੇੜਿਓ ਇਨ੍ਹਾਂ ਨੂੰ, ਸਾਰੇ ਨੇ ਜ਼ਖ਼ਮ ਅੱਲੇ।
-----
ਨਾਜ਼ੁਕ ਸਰੀਰ ‘ਬਾਦਲ’, ਹੋਇਆ ਮਸਾਂ ਹੈ ਹੌਲ਼ਾ,
ਐਵੇਂ ਨਾ ਦੱਬੀ ਜਾਇਓ, ਲੋਈਆਂ ਦੇ ਭਾਰ ਥੱਲੇ।
2 comments:
Bahut khoob :
ਨਾਜ਼ੁਕ ਸਰੀਰ ‘ਬਾਦਲ’, ਹੋਇਆ ਮਸਾਂ ਹੈ ਹੌਲ਼ਾ,
ਐਵੇਂ ਨਾ ਦੱਬੀ ਜਾਓ, ਲੋਈਆਂ ਦੇ ਭਾਰ ਥੱਲੇ।
ਹਸਨਪੁਰੀ ਹੁਣ ਕਦੋੋਂ ਪੈਦਾ ਹੋਵੇਗਾ ਅੱਜ ਦੀ ਗੁਮਰਾਹ ਹੋਈ ਗੀਤਕਾਰੀ ਦੇ ਦੌਰ ਵੱਚ.......ਦਰਵੇਸ਼
Post a Comment