ਜਨਮ: 19 ਅਗਸਤ, 1932 – 8 ਅਕਤੂਬਰ, 2009
ਨਿਵਾਸ: ਪਿੰਡ ਹਸਨਪੁਰ ਅਤੇ ਬਾਅਦ ‘ਚ ਲੁਧਿਆਣਾ
ਕਿਤਾਬਾਂ: ਔਸੀਆਂ, ਸਮੇਂ ਦੀ ਆਵਾਜ਼ ਜ਼ਿੰਦਗੀ ਦੇ ਗੀਤ, ਜੋਬਨ ਨਵਾਂ ਨਕੋਰ, ਰੂਪ ਤੇਰਾ ਰੱਬ ਵਰਗਾ, ਮੇਰੇ ਜਿਹੀ ਕੋਈ ਜੱਟੀ ਨਾ, ਗੀਤ ਮੇਰੇ ਮੀਤ, ਰੰਗ ਖ਼ੁਸ਼ਬੂ ਰੌਸ਼ਨੀ, ਮੋਤੀ ਪੰਜ ਦਰਿਆਵਾਂ ਦੇ ਸਹਿਤ ਕੁੱਲ 13 ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ।
----
ਇਨਾਮ-ਸਨਮਾਨ: 1992 ਵਿੱਚ ਉਹਨਾਂ ਨੂੰ ਮੋਹਨ ਸਿੰਘ ਫਾਊਂਡੇਸ਼ਨ ਵਲੋਂ ਸ. ਪੂਰਨ ਸਿੰਘ ਬਸਹਿਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ ਵਿਦੇਸ਼ ਦੀਆਂ ਸੈਂਕੜੇ ਸੰਸਥਾਵਾਂ ਦੇ ਇਨਾਮਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਨੇ ਵੀ ਉਹਨਾਂ ਨੂੰ ਇੱਕ ਲੱਖ ਰੁਪਏ ਦਾ ਸ੍ਰੋਮਣੀ ਪੁਰਸਕਾਰ ਦੇ ਕੇ ਸਨਮਾਨਿਆ। ਅਜੇ ਪਿਛਲੇ ਮਹੀਨੇ ਹੀ ਟੋਰਾਂਟੋ ਵਿਖੇ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਇਕਬਾਲ ਮਾਹਿਲ ਅਤੇ ਇਕਬਾਲ ਰਾਮੂਵਾਲੀਆ ਨੇ ਸਨਮਾਨਿਤ ਕੀਤਾ ਸੀ।
----
ਦੋਸਤੋ! ਪੰਦਰਾਂ ਕੁ ਸਾਲ ਦੀ ਉਮਰ ‘ਚ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਮਗਰੋਂ ਗ਼ਰੀਬੀ ਅਤੇ ਘਰ ਦੀਆਂ ਜ਼ਰੂਰਤਾਂ ਕਾਰਣ ਲੁਧਿਆਣੇ ਨੌ-ਲੱਖਾ ਸਿਨੇਮੇ ਦੇ ਸਾਹਮਣੇ ਪੇਂਟਰ ਦੀ ਦੁਕਾਨ ਕਰਨ ਤੋਂ ਲੈ ਕੇ ਅੰਤਰ-ਰਾਸ਼ਟਰੀ ਪ੍ਰਸਿੱਧੀ ਵਾਲ਼ਾ ਗੀਤਕਾਰ ਬਣਨ ਵਾਲ਼ੇ ਹਸਨਪੁਰੀ ਸਾਹਿਬ ਦਾ ਪਹਿਲਾ ਗੀਤ ‘ ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖ਼ੈਰ ਨਾ ਪਾਈਏ’ 1959 ‘ਚ ਸ਼ਾਦੀ ਬਖ਼ਸ਼ੀ ਦੀ ਆਵਾਜ਼ ‘ਚ ਰਿਕਾਰਡ ਹੋਇਆ ਸੀ। ਉਸਤੋਂ ਬਾਅਦ ‘ਲੈ ਜਾ ਛੱਲੀਆਂ ਭੁਨਾ ਲਈਂ ਦਾਣੇ, ਮਿੱਤਰਾ ਦੂਰ ਦਿਆ’, ‘ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ, ਲੱਕ ਹਿੱਲੇ ਮਜਾਜਣ ਜਾਂਦੀ ਦਾ’, ‘ ਨਿੱਕੇ ਨਿੱਕੇ ਦੋ ਖਾਲਸੇ’, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ’, ‘ਘੁੰਮ ਨੀ ਭੰਬੀਰੀਏ ਤੂੰ ਘੁੰਮ ਘੁੰਮ ਘੁੰਮ’ ਆਦਿ ਸੈਂਕੜੇ ਗੀਤ ਲਿਖੇ ਜੋ ਸੁਪਰ-ਹਿੱਟ ਰਹੇ। ਪੰਜਾਬ ਦੇ ਲੱਗਭੱਗ ਹਰ ਵਧੀਆ ਗਾਇਕ ਨੇ ਉਹਨਾਂ ਦੇ ਗੀਤ ਗਾ ਕੇ ਨਾਮਣਾ ਖੱਟਿਆ, ਜਿਨ੍ਹਾਂ ‘ਚ ਚਾਂਦੀ ਰਾਮ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਸਵਰਨ ਲਤਾ, ਨਰਿੰਦਰ ਬੀਬਾ, ਜਗਮੋਹਨ ਕੌਰ, ਹੰਸ ਰਾਜ ਹੰਸ, ਸਰਦੂਲ ਸਿਕੰਦਰ ਆਦਿ ਜ਼ਿਕਰਯੋਗ ਹਨ।
----
ਸੰਨ 1966-1967 ਤੋਂ ਸ਼ੁਰੂ ਕਰਕੇ ਉਹਨਾਂ ਨੇ ਕਈ ਪੰਜਾਬੀ ਫਿਲਮਾਂ ਦਾ ਨਿਰਮਾਣ ਵੀ ਕੀਤਾ ਜਿਨ੍ਹਾਂ ‘ਚ ‘ਦਾਜ’ ਅਤੇ ‘ਸੁਖੀ ਪਰਿਵਾਰ’, ‘ਤੇਰੀ ਮੇਰੀ ਇਕ ਜਿੰਦੜੀ’ ਪ੍ਰਮੁੱਖ ਹਨ। ਉਹਨਾਂ ਨੇ ਅਨੇਕਾਂ ਹੋਰ ਪੰਜਾਬੀਆਂ ਫਿਲਮਾਂ ਦੇ ਗੀਤ ਵੀ ਲਿਖੇ ਜਿਨ੍ਹਾਂ ਵਿਚੋਂ, ਮਨ ਜੀਤੇ ਜਗਜੀਤ, ਦੁੱਖ ਭੰਜਨ ਤੇਰਾ ਨਾਮ, ਪਾਪੀ ਤਰੇ ਅਨੇਕ, ਧਰਮਜੀਤ, ਫੌਜੀ ਚਾਚਾ, ਯਮਲਾ ਜੱਟ, ਜੈ ਮਾਤਾ ਦੀ, ਗੋਰੀ ਦੀਆਂ ਝਾਂਜਰਾਂ, ਮਾਂ ਦਾ ਲਾਡਲਾ, ਚੋਰਾਂ ਨੂੰ ਮੋਰ, ਲੌਂਗ ਦਾ ਲਿਸ਼ਕਾਰਾ, ਮੋਟਰ ਮਿੱਤਰਾਂ ਦੀ ਅਤੇ ਨਹੀਂ ਰੀਸਾਂ ਪੰਜਾਬ ਦੀਆਂ ਪ੍ਰਮੁੱਖ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਈ ਡਾਕੂਮੈਂਟਰੀ ਫਿਲਮਾਂ ਦਾ ਨਿਰਮਾਣ ਵੀ ਕੀਤਾ ਸੀ।
----
ਹਸਨਪੁਰੀ ਸਾਹਿਬ ਦੀ ਕਲਮ ਨੂੰ ਸਲਾਮ ਕਰਦੀ ਹੋਈ, ਕਿਤਾਬ ‘ਮੋਤੀ ਪੰਜ ਦਰਿਆਵਾਂ ਦੇ’ ‘ਚੋਂ ਅੱਜ ਮੈਂ ਉਹਨਾਂ ਦੁਆਰਾ ਲਿਖਿਆ ਡੈਡੀ ਜੀ ਗੁਰਦਰਸ਼ਨ ਬਾਦਲ ਸਾਹਿਬ ਦਾ ਗ਼ਜ਼ਲ-ਚਿੱਤਰ ਸ਼ਾਮਲ ਕਰ ਰਹੀ ਹਾਂ, ਜਿਹੜਾ ਉਹ ਚਾਹੁੰਦੇ ਸੀ ਕਿ ਆਰਸੀ ‘ਚ ਜ਼ਰੂਰ ਸ਼ਾਮਲ ਕੀਤਾ ਜਾਵੇ। ਦੁੱਖ ਇਸ ਗੱਲ ਦਾ ਹੈ ਕਿ ਉਹਨਾਂ ਦੀ ਹਾਜ਼ਰੀ ਉਹਨਾਂ ਦੇ ਤੁਰ ਜਾਣ ਮਗਰੋਂ ਲੱਗ ਰਹੀ ਹੈ।
ਅਦਬ ਸਹਿਤ
ਤਨਦੀਪ ‘ਤਮੰਨਾ’
*******************
ਗੁਰਦਰਸ਼ਨ ਬਾਦਲ
ਗ਼ਜ਼ਲ-ਚਿੱਤਰ
ਚਾਹੇ ਗ਼ਜ਼ਲ ਕਿਸੇ ਦੀ ਹੋਵੇ, ਤਕੜੀ ਦੇ ਵਿਚ ਤੋਲੇ ਬਾਦਲ।
ਫ਼ਰਕ ਦਿਸੇ ਤਾਂ ਠੀਕ ਕਰ ਦਵੇ, ਮਾਰ ਕੇ ਕਲਮ ਦੇ ਠੋਲੇ ਬਾਦਲ।
-----
ਇਕ-ਇਕ ਜੋੜ ਨੂੰ ਟੋਹ-ਟੋਹ ਵੇਖੇ, ਨੀਝ ਨਾਲ਼ ਹਰ ਪੱਖ ਤੋਂ ਜਾਂਚੇ,
ਜੇ ਨਾ ਲੱਗੇ ਹੋਣ ਟਿਕਾਣੇ, ਪੇਚ ਓਸ ਦੇ ਖੋਲ੍ਹੇ ਬਾਦਲ।
-----
ਆਪ ਜਦੋਂ ਵੀ ਗ਼ਜ਼ਲ ਕਹੇ ਉਹ, ਨਾਪ-ਤੋਲ ਕੇ ਅੱਖਰ ਜੜਦਾ,
ਗਿਣਤੀ-ਮਿਣਤੀ ਕਰਕੇ ਪੂਰੀ, ਬਹਿਰ-ਵਜ਼ਨ ਵਿਚ ਬੋਲੇ ਬਾਦਲ।
-----
ਉਸ ਵਿਚ ਏ ਉਸਤਾਦੀ, ਇਸ ਲਈ, ਵਜ਼ਨ ਹੈ ਉਸਦੀ ਗੱਲ ‘ਚ ਹੁੰਦਾ,
ਹੌਲ਼ੀ ਗੱਲ ਨਾ ਕਰਦਾ, ਜਿੱਦਾਂ, “ਮਨ ਡੋਲੇ-ਤਨ ਡੋਲੇ” ਬਾਦਲ।
-----
ਲੋਹੇ ਵਰਗੀ ਦ੍ਰਿੜਤਾ ਉਸ ਵਿਚ, ਪਰਬਤ ਵਰਗੇ ਹੈਨ ਇਰਾਦੇ,
ਜੋ ਲਿਖਣਾ ਉਹ ਡਟ ਕੇ ਲਿਖਣਾ, ਖਾਂਦਾ ਨਾ ਹਿਚਕੋਲੇ ਬਾਦਲ।
-----
ਜਾ ਬੈਠਾ ਕੈਨੇਡਾ ਦੇ ਵਿਚ, ਪਰ ਪੰਜਾਬ ‘ਚ ਰੂਹ ਹੈ ਉਸਦੀ,
ਨਾ ਭੁੱਲਿਆ ਉਹ ਗੁੱਲੀ-ਡੰਡਾ, ਨਾ ਹੀ ਉੜਨ-ਖਟੋਲੇ ਬਾਦਲ।
-----
ਸੋਚਾਂ ਦੇ ਸਾਗਰ ਦੀ ਤਹਿ ‘ਚੋਂ, ਲੱਭੀ ਜਾਵੇ ਲਾ-ਲਾ ਚੁੱਭੀ,
‘ਕੱਠੇ ਕਰ-ਕਰ ਗ਼ਜ਼ਲ ਦੇ ਮੋਤੀ, ਭਰਦਾ ਜਾਏ ਭੜੋਲੇ ਬਾਦਲ।
-----
ਹੈ ਅੰਦਾਜ਼ ਓਸਦਾ ਵੱਖਰਾ, ਨਾਲ਼ ਇਸ਼ਾਰੇ ਸਭ ਸਮਝਾਵੇ,
ਅਪਣੇ ਦਿਲ ਦੀ ਗੱਲ ਵੀ ਆਖੇ, ਨਾਲ਼ੇ ਰੱਖਦਾ ਓਲ੍ਹੇ ਬਾਦਲ।
-----
ਡਰਦਾ ਕਿਸੇ ਵੀ ਆਫ਼ਤ ਤੋਂ ਨਾ, ਹਰ ਔਕੜ ਨੂੰ ਨੱਥ ਪਾ ਦਵੇ,
‘ਹਸਨਪੁਰੀ’ ਜੀ! ਦੁੱਖਾਂ ਵਿਚ ਵੀ, ਗਾਉਂਦਾ ਰਹਿੰਦਾ ਢੋਲੇ ਬਾਦਲ।
No comments:
Post a Comment