ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, November 14, 2009

ਗੁਰਮੀਤ ਬਰਾੜ - ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ 2008 - ਨਜ਼ਮ

*********************************

ਦੋਸਤੋ! ਅੱਜ ਗੁਰਮੀਤ ਬਰਾੜ ਜੀ ਨੂੰ ਕਾਵਿ-ਸੰਗ੍ਰਹਿ ਚੁੱਪ ਤੋਂ ਮਗਰੋਂ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ 2008' ਨਾਲ਼ ਸਨਮਾਨਿਤ ਕੀਤਾ ਗਿਆ ਹੈ। ਪੇਸ਼ ਹਨ ਉਸੇ ਕਿਤਾਬ ਵਿੱਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ...

ਚੁੱਪ ਤੋਂ ਮਗਰੋਂ

ਨਜ਼ਮ

ਅੱਜ ਬੱਦਲ਼ਾਂ ਨਾਲ਼

ਸੌਂ ਕੇ ਆਈ ਸੀ

ਇਕ ਸੀਤ ਹਵਾ

ਖਹਿ ਕੇ

ਮੇਰੇ ਨਾਲ਼ ਦੀ ਲੰਘ ਗਈ

ਜੇ ਹੱਥ ਲਾਉਂਦਾ ਤਾਂ

ਮੈਲ਼ੀ ਸੀ ਹੁੰਦੀ

ਚੁੱਪ ਰਹਿੰਦਿਆਂ

ਉਹਦੇ ਤੁਰ ਜਾਣ ਦਾ ਡਰ

.........

ਪਰਾਇਆਂ ਦੇ ਬੋਲਾਂ ਨਾਲ਼ੋਂ

ਪਿਆਰਿਆਂ ਦੀ ਚੁੱਪ ਬੁਰੀ

ਮੈਨੂੰ ਧੂਅ ਕੇ ਖਿੱਚ ਲੈ

ਇਹਨਾਂ ਵਾ-ਵਰੋਲ਼ਿਆਂ ਚੋਂ

ਇਹ ਤੂਫ਼ਾਨ ਨਾ ਬਣ ਜਾਣ

ਕਿਤੇ

ਚੁੱਪ ਤੋਂ ਮਗਰੋਂ...

=====

ਜਦੋਂ ਤੱਕ ਤੂੰ ਮੁੜੇਂਗਾ

ਨਜ਼ਮ

ਜਦੋਂ ਤੱਕ ਤੂੰ ਮੁੜੇਂਗਾ

ਮੇਰੇ ਬਾਗ਼ਾਂ ਦਿਆ ਮਾਲੀਆ

ਅੰਬੀਆਂ ਤਾਂ ਤੇਰੀਆਂ

ਜਨੌਰ ਖਾ ਜਾਣਗੇ

ਅੰਬੀਆਂ ਤਾਂ ਤੇਰੀਆਂ

ਹੱਥ ਰੱਖ ਬੋਚ ਲਾਂਗੇ

ਜੇ ਬੂਟੇ ਹੀ ਹੋ ਗਏ ਜ਼ਰਦ

ਤਾਂ ਕੀ ਕਰਾਂਗੇ

...........

ਜਦੋਂ ਤੱਕ ਤੂੰ ਮੁੜੇਂਗਾ

ਪੀੜਾਂ ਦਿਆ ਪਾਂਧੀਆ

ਹਾਣੀਆਂ ਤਾਂ ਤੇਰਿਆਂ ਨੂੰ

ਤਾਪ ਚੜ੍ਹੇ ਤੇਈਏ ਦਾ

ਤਾਪ ਤੇਰੇ ਹਾਣੀਆਂ ਦਾ

ਫ਼ੇਹੇ ਬੰਨ੍ਹ ਲਾਹ ਦਿਆਂਗੇ

ਜੇ ਵੱਖੀ ਚ ਉੱਠਿਆ ਦਰਦ

ਤਾਂ ਕੀ ਕਰਾਂਗੇ

...........

ਜਦੋਂ ਤੱਕ ਤੂੰ ਮੁੜੇਂਗਾ

ਮੇਰੇ ਖ਼ਾਬਾਂ ਦੇ ਸੁਲਤਾਨ ਵੇ

ਰੱਤੜਾ ਤਾਂ ਸਾਲੂ ਮੇਰਾ

ਪੈ ਜਾਊ ਫਿੱਕੜਾ ਵੇ

ਫਿੱਕੜਾ ਤਾਂ ਸਾਲੂ ਅਸੀਂ

ਰੱਤ ਡੋਹਲ ਰੰਗ ਲਾਂਗੇ

ਜੇ ਸਮੇਂ ਦੀ ਪੈ ਗਈ ਗਰਦ

ਤਾਂ ਕੀ ਕਰਾਂਗੇ

...........

ਜਦੋਂ ਤੱਕ ਤੂੰ ਮੁੜੇਂਗਾ

ਮੇਰੇ ਗੀਤਾਂ ਦਿਆ ਹਾਕਮਾ

ਨਜ਼ਮਾਂ ਤਾਂ ਤੇਰੀਆਂ ਨੂੰ

ਪੈਣਗੀਆਂ ਦੰਦਲ਼ਾਂ ਵੇ

ਦੰਦਲ਼ਾਂ ਤਾਂ ਦੰਦਾਂ

ਜੀਭ ਘੁੱਟ ਜਰ ਲਾਂਗੇ

ਜੇ ਕਲਬੂਤ ਹੀ ਹੋ ਗਈ ਸਰਦ

ਤਾਂ ਕੀ ਕਰਾਂਗੇ

ਜਦੋਂ ਤੱਕ ਤੂੰ ਮੁੜੇਂਗਾ...

=====

ਰੂਹ ਦਾ ਮੇਚਾ

ਨਜ਼ਮ

ਮੈਂ ਰੋਜ਼

ਆਪਣੇ ਵਜੂਦ ਨੂੰ ਖਿੱਚ ਕੇ

ਤੇਰੇ ਨਾਪ ਦਾ ਕਰਦਾ ਹਾਂ

ਪਰ ਤੂੰ

ਤੜਕਸਾਰ ਹੀ

ਹੋ ਜਾਂਦੀ ਏਂ

ਹੋਰ ਲੰਮੇਰੀ

.........

ਮੈਂ ਰੋਜ਼

ਆਪਣੇ ਆਪ ਨੂੰ

ਕੁਤਰ ਕੇ

ਤੇਰੇ ਨਾਲ਼ ਮੇਚਦਾ ਹਾਂ

ਪਰ ਤੂੰ

ਹੋਰ ਵੀ ਸੁੰਗੜ ਗਈ ਲਗਦੀ ਏਂ

.........

ਸਬੱਬ ਇਸਦਾ

ਸ਼ਾਇਦ

ਹਰ ਉਹ ਰਾਤ ਹੈ ਜੋ

ਮੈਨੂੰ ਲਿਤਾੜ ਕੇ ਲੰਘਦੀ ਹੈ

ਜਾਂ ਫਿਰ

ਮੈਨੂੰ ਹੀ

ਰੂਹ ਮੇਚਣ ਦੀ ਜਾਚ ਨਹੀਂ



4 comments:

सुभाष नीरव said...

गुरमीत बराड़ जी को ज्ञानी गुरमुख सिंह मुसाफ़िर अवार्ड के लिए बहुत बह्तु बधाई। आरसी में छपी उनकी नज्में भी बहुत खूबसूरत हैं।

sukhdev said...

Gurmeet Brar Ji,

Award di lakhh-lakhh wadhai hove ji. Nazmaan bahut khoobsoorat han.

Sukhdev.

Gurmeet Brar said...

ਬਹੁਤ ਬਹੁਤ ਸ਼ੁਕਰੀਆ ਸੁਭਾਸ਼ ਜੀ ਤੇ ਸੁਖਦੇਵ ਜੀ!ਰੱਬ ਥੋਨੂੰ ਵੀ ਵਧਾਵੇ!!

جسوندر سنگھ JASWINDER SINGH said...

GURMEET BRAR JI , bahut bahut bahut vadhayee muaaf karna bahut late han vadhayee den vich