ਕਾਲ਼ੀ ਘਟ ‘ਚੋਂ ਹੌਲ਼ੀ ਹੌਲ਼ੀ ਬਾਹਰ ਆਇਆ ਸੂਰਜ।
ਠੁਰ, ਠੁਰ ਕਰਦੀ ਧਰਤੀ ਦਾ, ਲੂੰ ਲੂੰ ਗਰਮਾਇਆ ਸੂਰਜ।
-----
ਵਿਚ ਘਟਾਵਾਂ ਲੁਕ ਕੇ ਲੋਕਾਂ ਨੂੰ ਤੜਪਾਇਆ ਸੂਰਜ।
ਬਾਹਰ ਆਇਆ ਤਾਂ ਲੋਕਾਂ ਨੂੰ ਡਾਢਾ ਭਾਇਆ ਸੂਰਜ।
-----
ਤੋਰ ਸਮੇਂ ਦੀ ਮੈਨੂੰ ਤਾਂ ਲਗਦੀ ਸੀ ਥਿੜਕੀ, ਥਿੜਕੀ,
ਕਾਲ਼ੀ ਘਟ ਨੇ ਚਾਰ ਦਿਹਾੜੇ ਜਦੋਂ ਲੁਕਾਇਆ ਸੂਰਜ।
-----
ਚਾਅ ਜੀਵਨ ਦਾ ਠਰਿਆ ਠਰਿਆ, ਦਿਲ ਸੀ ਬੁਝਿਆ ਬੁਝਿਆ,
ਤਨ ਦਾ ਲੂੰ, ਲੂੰ ਮਨ ਦਾ ਹਰ ਚਾਅ, ਹੈ ਧੜਕਾਇਆ ਸੂਰਜ।
-----
ਸੂਰਜ ਆਇਆ ਧਰਤੀ ਜੀਕਰ ਫੇਰ ਸੁਹਾਗਣ ਹੋਈ,
ਧਰਤੀ ਦੇ ਜਾਇਆਂ ਨੇ ਤਾਹੀਂ ਸੀਸ ਬਿਠਾਇਆ ਸੂਰਜ।
-----
ਬੂਟਾ, ਬੂਟਾ, ਡਾਲੀ, ਡਾਲੀ, ਪੱਤਾ, ਪੱਤਾ ਝੂਮੇਂ,
ਧਰਤੀ ਦੇ ਕਣ ਕਣ ਦੇ ਤਾਈਂ ਹੈ ਨਸ਼ਿਆਇਆ ਸੂਰਜ।
-----
ਮੀਂਹਾਂ ਅੰਦਰ ਕੱਚੇ ਕੋਠੀਂ, ਬੈਠੇ ਕਾਮੇ ਝੂਰਨ,
ਆ ਕੇ ਧੀਰ ਬੰਨ੍ਹਾਇਆ, ਸਭ ਨੂੰ ਕੰਮੀਂ ਲਾਇਆ ਸੂਰਜ।
-----
ਹਾਰ ਖ਼ੁਸ਼ੀ ਦੇ ਲੋਕਾਂ ਨੇ, ਜਦ ਸੂਰਜ ਦੇ ਗਲ਼ ਪਾਏ,
ਆਦਰ, ਮਾਣ ਦੇਖ ਕੇ ਅਪਣਾ ਹੈ ਮੁਸਕਾਇਆ ਸੂਰਜ।
No comments:
Post a Comment