ਅੰਮ੍ਰਿਤ ਵਾਂਗੂੰ ਬੂੰਦ ਬੂੰਦ ਪੀਤੀ ਹਰ ਹੰਝੂ ਖਾਰੇ ਦੀ।
ਸੁਪਨੇ ਵਿਚ ਪਰਕਰਮਾ ਕੀਤੀ ਪਿੰਡ ਡੇ ਗੁਰੂਦਆਰੇ ਦੀ।
-----
ਹੌਲ਼ੀ ਹੌਲ਼ੀ ਗੁੰਮ ਨਾ ਜਾਵੇ ਪੱਗ ਵਾਲ਼ਾ ਪੰਜਾਬ ਕਿਤੇ,
ਕਰ ਅਰਦਾਸਾਂ ਰਹੇ ਫ਼ੈਲਦੀ ਪੌਣ ‘ਚ ਗੂੰਜ ਜੈਕਾਰੇ ਦੀ।
-----
ਛਪ ਜਾਂਦੀ ਹੈ ਮਰਨ ਵਾਲ਼ਿਆਂ ਦੀ ਸੂਚੀ ਅਖ਼ਬਾਰਾਂ ਵਿਚ,
ਖਪ ਜਾਂਦੀ ਹੈ ਪਰ ਫਾਈਲਾਂ ਵਿਚ ਪੈੜ ਕਿਉਂ ਹਤਿਆਰੇ ਦੀ?
-----
ਪੁੱਤ ਨੂੰ ਸੜਦਾ ਵੇਖ ਕੇ ਅੱਖੀਂ ਬਾਪ ਦਾ ਜੀਣਾ ਤਿਲ਼ ਤਿਲ਼ ਮਰਨਾ,
ਬਲ਼ਦ ਰਹਿੰਦੀ ਚਿਤਾ ਹਿੱਕ ਵਿਚ ਗੱਭਰੂ ਪੁੱਤ ਕੁਆਰੇ ਦੀ।
-----
ਵਿਹੜੇ ਵਿਲਕੇ, ਵੰਗਾਂ ਟੁੱਟੀਆਂ, ਜਦ ਚੁੱਲ੍ਹਿਆਂ ‘ਚੋਂ ਅੱਗ ਬੁਝੀ,
ਜ਼ਖ਼ਮਾਂ ਦੀ ਤਸਵੀਰ ਦਿਲਾਂ ‘ਤੇ ਹੈ ਹਰ ਕਹਿਰ ਗੁਜ਼ਾਰੇ ਦੀ।
-----
ਘਰ ਦੇ ਚਾਨਣ ਖ਼ਾਤਰ ਆਪਣੀ ਲੋਅ ਦਾ ਦੀਵਾ ਬਾਲ਼ ਕੋਈ,
ਲੋੜ ਪਈ ਤੇ ਮਿਲ਼ਦੀ ਨਈਂ ਲੋਅ ਕਿਸੇ ਵੀ ਚੰਦ ਸਿਤਾਰੇ ਦੀ।
-----
ਕਰਜ਼ਾ ਲੈ ਕੇ ਮਰ ਜਾਂਦਾ ਹੈ ਪੁਸ਼ਤਾਂ ਗਿਰਵੀ ਕਰ ਜਾਂਦਾ ਹੈ,
ਨਿਤ ਮਜਬੂਰ ਕਿਸਾਨ ‘ਤੇ ਡਿਗਦੀ ਹੈ ਬਿਜਲੀ ਸ਼ਾਹੂਕਾਰੇ ਦੀ।
-----
ਬਹੁਤ ਤਰੱਕੀ ਹੋਈ ਹੈ ਪਰ ਇਕ ਇਹ ਵੀ ਗੱਲ ਸੱਚੀ ਏ,
ਬੰਦੇ ਨਾਲ਼ੋਂ ਵੱਧ ਹੈ ਕੀਮਤ ਅਜ ਕਲ੍ਹ ਮਿੱਟੀ ਗਾਰੇ ਦੀ।
-----
ਕਹਿੰਦੇ ਮਰਦੇ ਬੰਦੇ ਸਾਹਵੇਂ ਹੋਰ ਕੁਝ ਨਹੀਂ ਕੁਝ ਲੋਅ ਹੁੰਦੀ ਹੈ,
ਇਕ ਅੱਖ ਚੜ੍ਹਦੇ ਸੂਰਜ ਦੀ ਲੋਅ ਇਕ ਅੱਖ ਡੁੱਬਦੇ ਤਾਰੇ ਦੀ।
No comments:
Post a Comment