ਪਾਓਲੋ ਕੋਇਲੋ ਦੇ ਨਾਵਲ ' ਦ ਐਲਕੈਮਿਸਟ ' ਤੋਂ ਪ੍ਰੇਰਿਤ ਹੋ ਕੇ
ਨਜ਼ਮ
ਕਦੇ - ਕਦੇ
ਜਦ ਖੌਰੂ ਪਾਉਂਦੀਆਂ
ਤੇਜ਼ ਹਨੇਰੀਆਂ ਵਗਦੀਆਂ ਹਨ
ਝੱਖੜ ਝੁੱਲਦੇ 'ਤੇ ਵਾਵਰੋਲੇ ਸ਼ੂਕਦੇ ਹਨ,
ਟਿੱਬੇ ਆਪਣੀਆਂ ਥਾਵਾਂ ਬਦਲ ਲੈਂਦੇ
ਅਤੇ ਕਾਫ਼ਲੇ ਆਪਣੇ ਰਾਹ ਭੁੱਲ ਜਾਂਦੇ ਹਨ
ਤਾਂ ਮੈਨੂੰ ਸੋਚਵਾਨ ਮੁਦਰਾ ਵਿੱਚ ਵੇਖ ਕੇ
ਮਾਰੂਥਲ ਮੇਰਾ ਹੱਥ ਫੜ ਲੈਂਦਾ ਹੈ
ਤੇ ਆਪਣੀ ਬੁੱਕਲ਼ ਵਿਚ ਲੈ ਕੇ
ਭੇਦ ਭਰੇ ਲਹਿਜ਼ੇ ਵਿਚ ਕਹਿੰਦਾ ਹੈ -
" ਡਰ ਨਾ, ਕੁਝ ਵੀ ਨਹੀਂ ਬਦਲਿਆ
ਇਹ ਸੰਦਲੀ ਪੈੜਾਂ ਕਦੇ ਨਹੀਂ ਮਿਟਦੀਆਂ,
ਮੈਂ ਸਦਾ ਤੋਂ ਇੰਝ ਹੀ ਤੇਰੇ ਕੋਲ ਸਾਂ
ਅਤੇ ਇੰਝ ਹੀ ਰਹਾਂਗਾ "
.............
ਇਵੇਂ ਹੀ ਬੰਦਰਗਾਹਾਂ ਉੱਪਰ
ਜਹਾਜ਼ ਆਪਣੇ ਲੰਗਰ ਸੁੱਟਦੇ 'ਤੇ ਧੂੰਆਂ ਉਗਲਦੇ
ਦੂਰ - ਦੁਰਾਡੀਆਂ ਧਰਤੀਆਂ ਨੂੰ ਤੁਰੇ ਜਾਂਦੇ ਹਨ
ਸਮੁੰਦਰ ਵਿਚ ਆਦਮਖੋਰ ਛੱਲਾਂ
ਉਠਦੀਆਂ ਅਤੇ ਗਿਰਦੀਆਂ ਰਹਿੰਦੀਆਂ ਹਨ
ਕਿਸ਼ਤੀਆਂ ਵਿਚ ਬੈਠ ਮਰਜੀਵੜੇ
ਵਿਸ਼ਾਲ ਦਿਸਹੱਦਿਆਂ ਤਕ ਜਾਂਦੇ ਹਨ
ਕੁਝ ਪਰਤ ਆਉਂਦੇ ਹਨ
'ਤੇ ਕੁਝ ਨਹੀਂ ਵੀ ਪਰਤਦੇ
ਤਾਂ ਸਮੁੰਦਰ ਮੇਰੇ ਕੋਲ ਬਹਿ ਕੇ
ਆਪਣਾ ਭੇਤ ਮੈਨੂੰ ਸਮਝਾਉਂਦਾ ਹੈ -
" ਕੁਝ ਵੀ ਜਨਮਦਾ ਨਹੀਂ
'ਤੇ ਕੁਝ ਵੀ ਮੌਤ ਨੂੰ ਪ੍ਰਾਪਤ ਨਹੀਂ ਹੁੰਦਾ,
ਸਭ ਕੁਝ ਮੇਰੇ ਅੰਦਰੋਂ ਹੀ ਪੈਦਾ ਹੁੰਦਾ ਹੈ
'ਤੇ ਮੇਰੇ ਅੰਦਰ ਹੀ ਸਮਾ ਜਾਂਦਾ ਹੈ,
ਪਰ ਮੈਂ ਅਨੰਤ ਕਾਲ ਤੋਂ ਇੱਥੇ ਹੀ ਸਾਂ
'ਤੇ ਇੱਥੇ ਹੀ ਰਹਾਂਗਾ "
................
ਇਸੇ ਤਰਾਂ ਹੀ ਕਦੇ - ਕਦੇ
ਉਦਾਸ, ਪਰੇਸ਼ਾਨ 'ਤੇ ਸਲ੍ਹਾਬੇ ਹੋਏ ਦਿਨੀਂ
ਧੁੱਪ ਮੇਰੇ ਥੱਕੇ ਚਿਹਰੇ ਉੱਪਰ
ਆਪਣਾ ਨਿੱਘਾ ਜਿਹਾ, ਕੋਮਲ
'ਤੇ ਰੌਸ਼ਨ ਦੁਪੱਟਾ ਫੇਰ ਕੇ ਆਖਦੀ ਹੈ -
ਬਦਰੰਗ ਮੌਸਮਾਂ ਵਿਚ ਵੀ
ਚਾਨਣ ਕਿਧਰੇ ਨਹੀਂ ਜਾਂਦੇ
'ਤੇ ਸੂਰਜ ਖ਼ਤਮ ਨਹੀਂ ਹੁੰਦੇ,
ਸਭ ਕੁਝ ਤੁਹਾਡੇ ਅੰਦਰੋਂ ਹੀ ਉਦੈ ਹੁੰਦਾ ਹੈ
'ਤੇ ਤੁਹਾਡੇ ਅੰਦਰ ਹੀ ਅਸਤ ਹੋ ਜਾਂਦਾ ਹੈ "
.............
ਹੁਣ ਜਦ ਤੂੰ ਮੇਰੇ ਕੋਲ਼ ਨਹੀਂ
ਤਾਂ ਮੈਂ ਸੂਰਜ, ਸਮੁੰਦਰ 'ਤੇ ਮਾਰੂਥਲ
ਨਾਲ ਬੈਠ ਕੇ ਤੇਰੀਆਂ ਗੱਲਾਂ ਕਰਦਾ ਹਾਂ
'ਤੇ ਇਕ - ਦੂਸਰੇ ਦੀਆਂ ਕਹਾਣੀਆਂ ਨੂੰ ਸੁਣਦੇ
ਅਸੀਂ ਮੁਹੱਬਤ ਦੇ ਸਦੀਵੀ
'ਤੇ ਭੇਦ ਭਰੇ ਨੁਕਤੇ 'ਤੇ ਪਹੁੰਚਦੇ ਹਾਂ
ਕਿ ਹਰ ਇਕ ਦੂਰੀ ਅਰਥਹੀਣ ਹੈ,
ਕਿਸੇ ਵੀ ਵਿਅਕਤੀ ਦੇ ਦੂਰ ਚਲੇ ਜਾਣ ਨਾਲ
ਉਹਦੇ ਲਈ ਪਿਆਰ ਘਟ ਜਾਂ ਵਧ ਨਹੀਂ ਜਾਂਦਾ,
ਉਹ ਤਾਂ ਬਸ ਅੰਦਰ ਹੁੰਦਾ ਹੀ ਹੈ
ਅਤੇ ਸਮੇਂ - ਸਮੇਂ ਰੁਮਕਦਾ ਰਹਿੰਦਾ ਹੈ
................
' ਮੇਰੇ ਦੋਸਤ,
ਤੂੰ ਹਰ ਇਕ ਸਦੀਵੀ ਸੱਚ ਵਾਂਗ
ਅਨੰਤ ਕਾਲ ਤੋਂ ਮੇਰੇ ਅੰਦਰ ਹੀ ਮੌਜੂਦ ਹੈਂ,
ਮੈਂ ਸਮੇਂ - ਸਮੇਂ ਤੇਰੇ ਅੰਦਰੋਂ ਹੀ ਉਗਮਦਾ
'ਤੇ ਤੇਰੇ ਅੰਦਰ ਹੀ ਬਿਖ਼ਰ ਜਾਂਦਾ ਹਾਂ,
ਤੇਰਾ ਜਾਣਾ 'ਤੇ ਪਰਤ ਕੇ ਨਾ ਆਉਣਾ
ਇਕ ਵਿਅਕਤੀ ਦਾ ਸੱਚ ਸੀ
ਪਰ ਆ, ਹੁਣ ਹੱਥ ਵਿਚ ਹੱਥ ਫੜ ਕੇ
ਅਸੀਂ ਸੂਰਜਾਂ, ਸਮੁੰਦਰਾਂ 'ਤੇ ਮਾਰੂਥਲਾਂ
ਦੇ ਸੱਚ ਨੂੰ ਜੀਵੀਏ '
No comments:
Post a Comment