ਜਨਮ: 15 ਮਈ ਸੰਨ 1958 (ਪਿੰਡ ਜੀਵਨਪੁਰ, ਜ਼ਿਲਾ ਲੁਧਿਆਣਾ) - 16 ਅਗਸਤ 2003
ਕਿਤਾਬਾਂ: ਰਚਨਾਵਾਂ ਸਿਰਕੱਢ ਰਸਾਲਿਆਂ ‘ਚ ਛਪਦੀਆਂ ਰਹਿੰਦੀਆਂ ਸਨ, ਪਰ ਕਿਤਾਬੀ ਰੂਪ ‘ਚ ਪ੍ਰਕਾਸ਼ਿਤ ਨਹੀਂ ਹੋਈਆਂ।
-----
ਮੇਰੇ ਪਾਪਾ ਜੀ ਸਾਬਿਰ ਸਾਹਿਬ ਨੇ ਦਸਵੀਂ ਕਰਨ ਤੋਂ ਬਾਅਦ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਬੀ.ਐੱਸ.ਈ ਵਿੱਚ ਦਾਖਲਾ ਲੈ ਲਿਆ। ਬੀ.ਐੱਸ. ਈ ਦੌਰਾਨ ਅਜੇ ਉਹ ਤੀਸਰੇ ਸਾਲ ਵਿੱਚ ਹੀ ਸਨ ਕਿ ਮੇਰੇ ਦਾਦੀ ਜੀ ਦਾ ਅਚਾਨਕ ਦੇਹਾਂਤ ਹੋ ਗਿਆ। ਪਰਿਵਾਰ ਵਿੱਚ ਸਭ ਤੋਂ ਵੱਡੇ ਹੋਣ ਕਰਕੇ ਮੇਰੀ ਦਾਦੀ ਪਾਪਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਇੱਕ ਕਾਰਨ ਇਹ ਵੀ ਸੀ ਕਿ ਇਹਨਾਂ ਤੋਂ ਪਹਿਲਾਂ ਦਾਦਾ ਜੀ ਦੇ ਘਰ ਬੱਚੇ ਪੈਦਾ ਹੁੰਦੇ ਹੀ ਮਰ ਜਾਂਦੇ ਸਨ। ਪਾਪਾ ਨੂੰ ਵੀ ਬੜੀ ਮੁਸ਼ਕਿਲ ਨਾਲ ਬਚਾਇਆ ਸੀ ਉਹਨਾਂ ਨੇ। ਇਨਾਂ ਗੱਲਾਂ ਕਰਕੇ ਹੀ ਪਾਪਾ ਦਾਦੀ ਜੀ ਦੀਆਂ ਅੱਖਾਂ ਦੇ ਤਾਰੇ ਸਨ ਅਤੇ ਉਹਨਾਂ ਦੀ ਬੇਵਕਤੀ ਮੌਤ ਨਾਲ ਪਾਪਾ ਨੂੰ ਅਸਹਿ ਸਦਮਾ ਲੱਗਿਆ ਅਤੇ ਉਹਨਾਂ ਦੀ ਪੜ੍ਹਾਈ ਵੀ ਛੁੱਟ ਗਈ। ਫਿਰ ਕਈ ਥਾਂ ਕੰਮ ਕਰਨ ਤੋਂ ਬਾਅਦ 1982 ਵਿੱਚ ਉਹਨਾਂ ਨੂੰ ਪੰਜਾਬ ਨੈਸ਼ਨਲ ਬੈਂਕ ਵਿੱਚ ਕਲਰਕ ਦੀ ਨੌਕਰੀ ਮਿਲ ਗਈ। ਜੀਵਨ ਦੇ ਕਈ ਮੋੜਾਂ ਤੋਂ ਗੁਜ਼ਰਦੇ ਹੋਏ ਦਿਨ ਸ਼ਨੀਵਾਰ 16 ਅਗਸਤ 2003 ਨੂੰ ਉਹ ਇੱਕ ਰੇਲ ਹਾਦਸੇ ‘ਚ ਗੁਜ਼ਰ ਗਏ।
-----
ਪਾਪਾ ਜੀ ਨੂੰ ਲਿਖਣ ਦੀ ਚੇਟਕ ਬਚਪਨ ਵਿੱਚ ਪੜਦਿਆਂ ਲੱਗੀ ਸੀ। ਆਪ ਨੂੰ ਅਜੀਤ ਸਿੰਘ ਚੰਦਨ ਜਿਹੇ ਸੁਲਝੇ ਹੋਏ ਕਵੀ ਅਤੇ ਅਧਿਆਪਕ ਤੋਂ ਪੜ੍ਹਨ ਦਾ ਮੌਕਾ ਮਿਲਿਆ। ਉਹਨਾਂ ਨੇ ਪਾਪਾ ਨੂੰ ਕਵਿਤਾਵਾਂ ਬਾਰੇ ਬਹੁਤ ਕੁੱਝ ਦੱਸਿਆ ਅਤੇ ਲਿਖਣ ਲਈ ਵੀ ਉਤਸ਼ਾਹਿਤ ਕੀਤਾ। ਦਾਦੀ ਜੀ ਦੇ ਦੇਹਾਂਤ ਤੋਂ ਬਾਅਦ ਤਾਂ ਲਿਖਣ ਦਾ ਸਿਲਸਿਲਾ ਹੋਰ ਵੀ ਤੇਜ਼ ਹੋ ਗਿਆ।ਪਾਪਾ ਦੀਆਂ ਕਈ ਰਚਨਾਵਾਂ ਉਸ ਵੇਲੇ ਦੇ ਮਾਸਿਕ ਪੱਤਰਾਂ ਵਿੱਚ ਅਕਸਰ ਛਪਦੀਆਂ ਸਨ। ਪਾਪਾ ਦੀ ਇੰਟਰਵਿਊ ਵੀ ਛਪੀ ਸੀ ਜੋ ਕਿ ਮੈਂ ਸਾਂਭ ਕੇ ਰੱਖੀ ਹੈ। ਉਹਨਾਂ ਨੇ ਉਸ ਵੇਲੇ ਰੇਡੀਓ ਅਕਾਸ਼ਵਾਣੀ ‘ਤੇ ਵੀ ਗ਼ਜ਼ਲਾਂ ਸੁਣਾਈਆਂ ਸਨ। ਪਾਪਾ ਜੀ ਦੀਆਂ ਰਚਨਾਵਾਂ ਅੰਮ੍ਰਿਤਸਰ ਦੇ ਸ੍ਰੀ ਪ੍ਰਮਿੰਦਰਜੀਤ ਜੀ ਦੁਆਰਾ ਸੰਪਾਦਿਤ ਪੱਤਰ “ਅੱਖਰ” ਵਿੱਚ ਅਕਸਰ ਛਪਦੀਆਂ ਰਹਿੰਦੀਆਂ ਸਨ। ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਸਵ: ਲਾਲ ਸਿੰਘ ਦਿਲ (ਸਮਰਾਲਾ) ਜੀ ਮੇਰੇ ਮੰਮੀ ਜੀ ਦੇ ਤਾਏ ਦੇ ਲੜਕੇ ਸਨ ਅਤੇ ਪਾਪਾ ਅਕਸਰ ਉਹਨਾਂ ਨੂੰ ਮਿਲਦੇ ਸਨ। ਉਹ ਵੀ ਦੋ ਕੁ ਸਾਲ ਪਹਿਲਾਂ ਸਵਰਗ ਸਿਧਾਰ ਗਏ ਹਨ। ਮੈਂ ਪਾਪਾ ਦੀਆਂ ਸਾਰੀਆਂ ਰਚਨਾਵਾਂ ਸਾਂਭ ਕੇ ਰੱਖੀਆਂ ਹਨ। ਉਹਨਾਂ ਵਿੱਚੋਂ ਕੁੱਝ ਮੈਂ ਇਸ ਵਾਰ ਭੇਜ ਰਿਹਾਂ ਹਾਂ। ਉਮੀਦ ਹੈ ਇਹਨਾਂ ਨੂੰ ਆਰਸੀ ‘ਚ ਥਾਂ ਜ਼ਰੂਰ ਮਿਲੇਗੀ। ਮੇਰੇ ਲਈ ਇਹੀ ਮੇਰੇ ਪਿਤਾ ਨੂੰ ਇਹੀ ਵੱਡੀ ਸ਼ਰਧਾਂਜਲੀ ਹੋਵੇਗੀ।
ਧੰਨਵਾਦ ਸਹਿਤ
ਗੀਤੇਸ਼ਵਰ ਸਿੰਘ “ਹੀਰ”
ਲੁਧਿਆਣਾ।
*********
ਦੋਸਤੋ! ਅੱਜ ਗੀਤੇਸ਼ਵਰ ਸਿੰਘ ਹੀਰ ਜੀ ਨੇ ਆਪਣੇ ਪਿਤਾ ਜੀ ਮਰਹੂਮ ਸੁਮੇਰ ਸਿੰਘ ਸਾਬਿਰ ਸਾਹਿਬ ਦੀਆਂ ਕੁੱਝ ਖ਼ੂਬਸੂਰਤ ਰਚਨਾਵਾਂ ਭੇਜ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਂਝ ਪਵਾਈ ਹੈ। ਸਾਬਿਰ ਸਾਹਿਬ ਨੂੰ ਯਾਦ ਕਰਦਿਆਂ ਅੱਜ ਇਹਨਾਂ ਰਚਨਾਵਾਂ ਨੂੰ ਆਰਸੀ ‘ਚ ਸ਼ਾਮਲ ਕਰ ਰਹੇ ਹਾਂ। ਜੀਵਨ ਸਫ਼ਰ ਦੌਰਾਨ, ਸਾਬਿਰ ਸਾਹਿਬ ਆਪਣੀਆਂ ਲਿਖਤਾਂ ਨੂੰ ਕਿਤਾਬੀ ਰੂਪ ਤਾਂ ਨਹੀਂ ਦੇ ਸਕੇ, ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਦੇ ਹੋਣਹਾਰ ਬੇਟੇ ਗੀਤੇਸ਼ਵਰ ( ਜਿਨ੍ਹਾਂ ਨੇ ਖ਼ੁਦ ਵੀ ਆਪਣੇ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਲਿਖਣਾ ਸ਼ੁਰੂ ਕੀਤਾ ਹੈ), ਇੱਕ ਦਿਨ ਉਹਨਾਂ ਦੀਆਂ ਲਿਖਤਾਂ ਨੂੰ ਕਿਤਾਬੀ ਰੂਪ ‘ਚ ਪੰਜਾਬੀ ਸਾਹਿਤ ਪ੍ਰੇਮੀਆਂ ਤੱਕ ਜ਼ਰੂਰ ਪਹੁੰਚਾਉਂਣਗੇ, ਆਰਸੀ ਪਰਿਵਾਰ ਦੀਆਂ ਸ਼ੁੱਭ ਇੱਛਾਵਾਂ ਉਹਨਾਂ ਦੇ ਨਾਲ਼ ਹਨ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
**********
ਮਾਏ ਨੀ
ਗੀਤ
ਮਾਏ ਨੀ ! ਤੇਰੇ ਫੁੱਲ ਗੁਲਾਬੀ,
ਬਾਗ਼ੀਂ ਗਏ ਕੁਮਲਾਅ।
ਵੈਣ ਨਾ ਬੁਲਬੁਲ ਦੇ ਸੁਣ ਹੁੰਦੇ,
ਵੇਦਨ-ਬੂਰ ਪਿਆ।
-----
ਪੱਲੇ ਸਾਡੇ ਹਾਉਕੇ ਪੀੜਾਂ,
ਦਰਦਾਂ ਦੇ ਦਰਿਆ।
ਛਾਤੀ ਅੰਦਰ ਸੈਆਂ ਕਬਰਾਂ,
ਦਫ਼ਨ ਕਫ਼ਨ ਸਾਡੇ ਮੋਏ ਚਾਅ।
-----
ਰਾਤਾਂ ਨੂੰ ਅਸੀਂ ਬਹਿ ਬਹਿ ਰੋਈਏ,
ਸਾਡਾ ਬਚਪਨ ਮੋੜ ਲਿਆ।
ਗੋਦ ਤੇਰੀ ਦੀਆਂ ਠੰਡੀਆਂ ਛਾਵਾਂ
ਝੋਲ ਅਸਾਡੀ ਪਾ।
-----
ਮੌਲ਼ੀ ਮਹਿੰਦੀ, ਰੱਤੇ ਚੂੜੇ
ਮੌਤ ਬਣੇ ਸਭ ਆ।
‘ਸਾਬਿਰ’ ਦੀ ਅਰਥੀ ਜਦ ਉੱਠੀ
ਲੋਕੀ ਕਹਿਣ ਵਿਆਹ।
ਮਾਏ ਨੀ ! ਤੇਰੇ ਫੁੱਲ ਗੁਲਾਬੀ,
ਬਾਗ਼ੀਂ ਗਏ ਕੁਮਲਾਅ।
====
ਦਿਲ ਦੀ ਦਵਾਤ ਵਿੱਚੋਂ
ਨਜ਼ਮ
ਦਿਲ ਦੀ ਦਵਾਤ ਵਿੱਚੋਂ
ਖ਼ੂਨ ਦੀ ਸਿਆਹੀ ਲੈ ਕੇ
ਲਿਖਿਆ ਸੀ ਨਾਂ ਤੇਰਾ
ਜ਼ਿੰਦਗੀ ਦੇ ਮੁੱਖ ‘ਤੇ।
........
ਮਿੱਟੀ ਦਾ ਤੂੰ ਕਿਣਕਾ ਏਂ
ਕਰ ਨਾ ਗੱਲਾਂ ਖ਼ੁਦਾਈ,
ਕੰਬਖ਼ਤ! ਤੇਰੀ ਮੁਹੱਬਤ,
ਸਾਨੂੰ ਰਾਸ ਨਾ ਆਈ
ਸੁੱਕਾ ਪੱਤਾ ਜਿਵੇਂ ਰੁੱਖ ‘ਤੇ।
..........
ਅੰਬਰ ਦੀ ਥਾਲੀ ‘ਚੋਂ ਜੇ
ਤਾਰਾ ਕੋਈ ਖੋਅ ਗਿਆ,
ਸੁੰਨਾ ਤਾਂ ਨਹੀਂ ਹੋਣਾ
ਕਿਸੇ ਰਾਤ ਦਾ ਮੁਕਟ
ਪਰ ਨਾ ਤੂੰ ਢਾਹ ਸਿਤਮ ਡਾਢੇ
ਕਿਸੇ ਮਰੇ ਹੋਏ ਮਨੁੱਖ ‘ਤੇ।
----
ਤੂੰ ਜਦ ਵੀ ਖ਼ਿਆਲ ਬਣ,
ਆਈ ਬੂਹੇ ਜ਼ਿਹਨ ਦੇ ‘ਤੇ
ਕਲਮ ਦੀ ਅੱਖ ਡੁੱਲ੍ਹੀ
ਸੀਨੇ ‘ਚ ਕਟਾਰੀ ਖੁੱਭੀ
ਚੁੱਪ ਛਾਈ ਮੁੱਖ ‘ਤੇ।
.............
ਆ!!! ਕਿ ਤੂੰ ਸੱਚੀਂ ਆ ਜਾ,
ਕਿਤੇ ਕਲਮ ਨਾ ਟੁੱਟ ਜਾਏ
ਸਿਆਹੀ ਹੀ ਨਾ ਮੁੱਕ ਜਾਏ
ਜ਼ਿੰਦਗੀ ਨਾ ਰੁੱਸ ਜਾਵੇ
ਰਹੀ ਨਾ ਕੋਈ ਝਲਕ ਖ਼ੁਸ਼ੀ ਦੀ
ਮੇਰੇ ਬੇਜਾਨ ਬੁੱਤ ‘ਤੇ।
====
ਬਿਰਹਣ ਦੀ ਰਾਤ : ਤਾਰੇ ਸੰਗ ਬਾਤ
ਨਜ਼ਮ
ਤਾਰਿਆ! ਵੇ ਤਾਰਿਆ!!
ਨਿੰਮੀ ਨਿੰਮੀ ਤੇਰੀ ਲੋਅ
ਜਿਉਂ ਹੋਏ ਫੈਲੀ ਪੌਣਾਂ ਅੰਦਰ
ਯਾਦਾਂ ਦੀ ਖ਼ੁਸ਼ਬੋਅ
ਵਿਲਕਦੇ ਸੁਪਨੇ ਜਾਂ ਕੋਈ ਵਿਧਵਾ
ਨੈਣੀਂ ਲਏ ਸਮੋਅ...ਕਮਲੀ ਹੋ।
............
ਤੂੰ ਅੰਬਰ ‘ਤੇ
ਮੈਂ ਧਰਤੀ ‘ਤੇ
ਕਿੰਜ ਕਰੀਏ ਸਾਂਝੇ ਬੋਲ?
ਤੂੰ ਟਿਮਕੇਂ ਤੇ ਮੈਂ ਸਿਸਕਾਂ
ਮੇਰੀ ਸੁੰਞੀਂ ਸੱਖਣੀ ਝੋਲ
ਜੀਅ ਕਰਦੈ
ਗਲਵਕੜੀ ਪਾਵਾਂ
ਉੱਡ ਆਵਾਂ ਤੇਰੇ ਕੋਲ...ਕੁੱਝ ‘ਤੇ ਬੋਲ।
..............
ਪੌਣਾਂ ਹੱਥ ਸੁਨੇਹੇ ਭੇਜਾਂ
ਪੱਤਝੜ ਹੱਥ ਹਾਲਾਤ
ਮੈਂ ਬਿਰਹਣ ਦੀ
ਤੜਪ ਤੜਪ ਕੇ
ਬੀਤ ਜਾਏ ਹਰ ਰਾਤ...ਗ਼ਮ ਦੀ ਬਾਤ।
................
ਮੇਰੇ ਰੰਗਲੇ ਨੈਣ ਸਾਜਨ ਜੀ !
ਖ਼ੂਨ ਦੇ ਹੰਝੂ ਰੋਏ
ਜਿਉਂ ਸਿਦਕੀ ਮਜ਼ਦੂਰ ਦੇ ਜਿਸਮ ‘ਚੋਂ
ਤਰਿੱਪ-ਤਰਿੱਪ ਪਸੀਨਾ ਚੋਏ
ਰਿਸਦੇ ਜ਼ਖਮ
ਤੇਰੀਆਂ ਯਾਦਾਂ
ਦਾਗਾਂ ਨੂੰ ਕੌਣ ਧੋਏ...ਦਰਦ ਲੁਕੋਏ?”
................
ਸੁਣ ਵੇ ਤਾਰੇ !
ਤੇਰੇ ਸੰਗ ਮੈਂ ਬਾਤਾਂ ਪਾਵਾਂ
ਸੌਂ ਗਈ ਕੁੱਲ ਲੋਕਾਈ
ਜਾਗੇ ਕੋਈ ਬਿਰਹਣ ਕਮਲੀ
ਜਾਂ ਫਿਰ ਕੋਈ ਸ਼ੁਦਾਈ....ਮੇਰਾ ਭਾਈ !!
..............
ਨਿੱਤ ਦਿਨ ਹੋਵੇ ਇੰਜ ਹੀ
ਤੇਰੀ ਮੇਰੀ ਬਾਤ
ਸਰਘੀ ਵੇਲਾ ਹੋ ਗਿਆ
ਸਮਝੋ ਆ ਗਈ ਪ੍ਰਭਾਤ....ਮੁੱਕੀ ਰਾਤ।
..............
ਦਰਦ ਮੇਰਾ ਔਹ
ਹੰਝੂ ਬਣਕੇ
ਬਨਸਪਤੀ ‘ਤੇ ਚਮਕੇ
ਲੋਕਾਂ ਭਾਣੇ ਸ਼ਬਨਮ-ਰਾਣੀ
ਸੂਰਜ ਸੰਗ ਪਈ ਦਮਕੇ....ਮੋਤੀ ਬਣਕੇ।
ਸੂਰਜ ਚੜ੍ਹਿਆ
ਹੋਂਦ ਤੇਰੀ ਗਈ ਖੋਅ
ਵੇ ਤਾਰਿਆ!!
ਨਿੰਮੀ ਨਿੰਮੀ ਤੇਰੀ ਲੋਅ!
No comments:
Post a Comment