ਕਦੇ ਫ਼ੁਰਸਤ ਮਿਲ਼ੇ ਤਾਂ ਦਰਦ ਦਾ ਐਸਾ ਸਫ਼ਾ ਲਿਖਣਾ।
ਕਿਸੇ ਬਲ਼ਦੇ ਹੋਏ ਇਕ ਬਿਰਖ਼ ਦੀ ਆਤਮ ਕਥਾ ਲਿਖਣਾ।
-----
ਖ਼ੁਦਾਇਆ ਇਸ਼ਕ ਦੇ ਨਾਂ ਤੇ ਹਮੇਸ਼ਾਂ ਹੀ ਵਫ਼ਾ ਲਿਖਣਾ।
ਕਦੇ ਨਾ ਇਸ਼ਕ਼ ਦੇ ਨਾਂ ਤੇ ਜੁਦਾਈ ਦੀ ਸਜ਼ਾ ਲਿਖਣਾ।
-----
ਮੈਂ ਦਰਿਆ ਹਾਂ ਮੈਂ ਅਪਣੀ ਹੋਂਦ ਨੂੰ ਇਕ ਦਿਨ ਗਵਾ ਲੈਣਾ,
ਇਹ ਅਨਹੋਣੀ ਜਦੋਂ ਹੋਣੀ ਇਹਨੂੰ ਇਕ ਹਾਦਸਾ ਲਿਖਣਾ।
-----
ਉਦਾਸੇ ਹਉਂਕਿਆਂ ਵਿੱਚੋਂ ਜ਼ਰਾ ਭਰ ਬਾਹਰ ਇਹ ਨਿਕਲ਼ਣ
ਤੂੰ ਰੋਦੀਂ ਅੱਖ ਉਦਾਸੇ ਚਿਹਰਿਆਂ ਲਈ ਕਹਿਕਹਾ ਲਿਖਣਾ।
-----
ਮਿਲੇ ਮੰਜ਼ਿਲ,ਮਿਟੇ ਭਟਕਣ ਤੇ ਦਿਲ ਵੀ ਸ਼ਾਂਤ ਹੋ ਜਾਵੇ,
ਤੇਰੇ ਤਕ ਪਹੁੰਚਣੇ ਦਾ ਥਹੁ ਪਤਾ ਤੇ ਰਾਸਤਾ ਲਿਖਣਾ।
-----
ਮੇਰੀ ਆਦਤ ਨਹੀਂ ਇਕ ਥਾਂ ਖਲੋਣਾ ਬਿਰਖ਼ ਦੇ ਵਾਂਗੂੰ,
ਨਦੀ ਦਾ ਨੀਰ ਜਾਂ ਮੈਨੂੰ ਹਵਾਵਾਂ ਨਾਲ ਦਾ ਲਿਖਣਾ।
-----
ਪਲਾਂ ਵਿਚ ਦੂਰ ਹੋ ਜਾਣੀ ਜੋ ਦੂਰੀ ਹੈ ਅਸਾਡੇ ਵਿਚ,
ਮਿਟਣਗੇ ਫ਼ਾਸਲੇ ਸਾਰੇ ਤੂੰ ਇਕ ਖ਼ਤ ਪਿਆਰ ਦਾ ਲਿਖਣਾ।
-----
ਕਰਾਂ ਮੌਲਣ ਦੀ ਮੈਂ ਵੀ ਆਸ ਪੂਰੀ ਪਤਝੜਾਂ ਅੰਦਰ,
ਕਿਸੇ ਉਜੜੇ ਹੁਏ ਗੁਲਸ਼ਨ ਦਾ ਮੈਨੂੰ ਵੀ ਪਤਾ ਲਿਖਣਾ।
2 comments:
Bahut hi achhi ghazal.
Bahut Khoobsoorat Ji.
Sukhdev.
Post a Comment