ਮਿਰੀ ਪਹਿਚਾਣ ਦੇ ਘਾਤਕ ਮਿਰੇ ਆਲ਼ੇ ਦੁਆਲ਼ੇ।
ਸਮੁੰਦਰ ਇਸ਼ਟ ਵਿਚ ਕੁਈ ਨਾਖ਼ੁਦਾ ਕਿਸ਼ਤੀ ਸੰਭਾਲ਼ੇ।
-----
ਅਜਬ ਇਕ ਢੋਂਗ ਦੇ ਸਹਿਰਾ ‘ਚ ਆ ਪੁਹੰਚੀ ਏ ਕਾਇਆ,
ਸਰਾਬੀ ਓਸ ਏ, ਪਰਛਾਵੇਂ ਹਰ ਪਾਸੇ ਨੇ ਕਾਲ਼ੇ।
-----
ਕਜੇਹਾ ਮੋੜ ! ਤੇ, ਟੁੱਟਣ ਦਾ ਇਕ ਇਹਸਾਸ ਹਾਵੀ,
ਕਿਸੇ ਕੀਤੇ ਗਏ ਇਕਰਾਰ ਨੂੰ ਨਿਜ ਕਿੰਝ ਪਾਲ਼ੇ।
-----
ਕਜੇਹੀ ਭਾਸ਼ਾ ਦਾ ਹਥਿਆਰ ਧਰ ਰਣਖੇਤ ਵਿਚਰੇਂ,
ਤਿਰੀ ਇਸ ਰਾਜ ਨੀਤੀ ਵਿਚ ਉਕਰ ਆਏ ਨੇ ਛਾਲੇ।
-----
ਗਿਰਾਵਟ ਸੋਚ ਦੀ , ਡੂੰਗਾ ਡੁਬਾ ਦੇਵੇ ਗੀ ਤੈਨੂੰ,
ਕਜੇਹੀ ਹੋਂਦ ਜਿਸ ਵਿਚ ਜੀਣ ਦੇ ਪੈ ਜਾਣ ਲਾਲੇ।
-----
ਨਜ਼ਰ ਦੇ ਸਾਮ੍ਹਣੇ ਸੱਤਾ ਕਰੇਂਦੀ ਨੰਗ-ਲੀਲਾ
ਚੜ੍ਹੇ, ਖੰਡਨ ਕਰੇਂਦੀ ਸੋਚ ‘ਤੇ , ਭਰਮਾਂ ਦੇ ਤਾਲੇ।
-----
ਮੈਂ ਤਾਂ ਬਸ ਇਸ਼ਟ ਦੇ ਰਣਖੇਤ ਅੰਦਰ ਜੂਝਦਾ ਹਾਂ,
ਨਿਗਾਹ ਤੇਰੀ ‘ਚ, ਇਸ ਪਰਵਾਜ਼ ਤੇ , ਲੱਗੇ ਨੇ ਜਾਲ਼ੇ।
-----
ਮਿਰੇ ਮਨ ਦਾ ਪਰਿੰਦਾ ਫੜਫੜਾਓਂਦਾ, ਹੀ ਰਿਹਾ ਏ,
ਕਦੀ ਅਸਮਾਨ ਨਾ ਲਭਿਆ, ਕਦੀ ਪਰ ਨਾ ਸੰਭਾਲ਼ੇ।
-----
ਚਿਰਾਂ ਤੋਂ ਐਸਾ ਆਲਮ ਜੀਅ ਰਹੀ ‘ਸੀਰਤ’ ਐਪਰ ਹੁਣ,
ਨਜ਼ਾਰਾ ਮਰ ਚੁਕੇ ਇਹਸਾਸ ਦਾ ਸਭ ਦੇ ਹਵਾਲੇ।
No comments:
Post a Comment