(ਪਿਤਾ ਲਈ ਇਹ ਨਜ਼ਮ)
ਨਜ਼ਮ
ਪਹਿਲੀ ਫ਼ਸਲ ਨਾ ਹੋਣ ‘ਤੇ ਵੀ
ਉਹ ਅਗਲੀ ਫ਼ਸਲ ਲਈ
ਮਿੱਟੀ ਨਾਲ਼ ਮੋਹ ਕਰਦਾ ਹੈ
.............
ਫਿਰ ਬੀਜ ਤੋਂ ਬੀਜ ਬੀਜਦਾ ਹੈ
ਰੱਬ ਦਾ ਨਾਂ ਲੈ ਕੇ
ਫ਼ਸਲ ਪੱਕਦੀ ਹੈ
ਪਿੰਡ ‘ਚ ਗੱਲ ਤੁਰਦੀ ਹੈ
ਬਜ਼ਾਰਾਂ ‘ਚ ਗੱਲ ਤੁਰਦੀ ਹੈ
..............
ਉਸਦੀ ਕੁੜੀ ਤੇ ਮੁੰਡੇ ਦੀ
ਗੱਲ ਤੁਰਦੀ ਹੈ
ਉਹਦੀ ਘਰਵਾਲ਼ੀ ਦੇ
ਕੋਕੇ ਦੀ ਗੱਲ ਤੁਰਦੀ ਹੈ
...........
ਗੱਲ ਲੰਬੀ ਤੁਰਦੀ ਹੈ
ਗੱਲ ਉਹ ਕਣਕ ਨੂੰ ਵੀ
ਸੁਣਦੀ ਹੈ
ਕਣਕ ਦੇ ਦਾਣਿਆਂ ਨੂੰ ਵੀ
ਸੁਣਦੀ ਹੈ
...........
ਦਾਣੇ ਅੱਖ-ਮਟੱਕਾ ਕਰਨ ਲੱਗਦੇ ਹਨ
ਇੱਕ ਦੂਜੇ ਵੱਲ
ਨੀਝ ਨਾਲ਼ ਤੱਕਦੇ ਹਨ
ਕਦੇ ਉਹਦੀ ਧੀ ਵੱਲ
ਤੱਕਦੇ ਹਨ
ਕਦੇ ਬਜ਼ਾਰ ਵੱਲ ਤੱਕਦੇ ਹਨ
...........
ਉਹ ਆਪਣੇ
ਸੁਨਹਿਰੀ ਰੰਗ ਵੱਲ ਤੱਕਦੇ ਹਨ
ਆਪਣੇ ਬਦਲਦੇ ਰੰਗ ਵੱਲ
ਤੱਕਦੇ ਹਨ
ਉਹਦੀ ਪੱਗ ਵੱਲ ਤੱਕਦੇ ਹਨ
ਪੱਗ ਦੇ ਬਦਲਦੇ
ਰੰਗ ਵੱਲ ਤੱਕਦੇ ਹਨ
..............
ਉਹ ਰੰਗਾਂ ਬਾਰੇ ਸੋਚਣ ਲੱਗਦਾ ਹੈ
ਦਾਣਿਆਂ ਦੇ ਰੰਗਾਂ ‘ਚ
ਕੇਹੀ ਸ਼ਕਤੀ ਹੈ
ਹਰ ਰੰਗ ਨੂੰ ਬਦਲ਼ਣ ਦੀ ਸ਼ਕਤੀ ਹੈ
............
ਦਾਣਿਆਂ ਦਾ ਰੰਗ
ਦੁਨੀਆਂ ਦੇ ਸਭ ਰੰਗਾਂ ਦਾ
ਬਾਦਸ਼ਾਹ ਹੈ
ਦਾਣਿਆਂ ਦੇ ਰੰਗ
ਦੁਨੀਆਂ ਦੇ ਸਭ ਦੇ ਰੰਗਾਂ ਦਾ
ਬਾਦਸ਼ਾਹ ਹੈ
ਦੁਨੀਆਂ ਦੇ ਹਰ ਰੰਗ ‘ਚੋਂ
ਦਾਣਿਆਂ ਦੇ ਰੰਗ ਦੀ
ਭਾਅ ਮਾਰਦੀ ਹੈ
ਜਿਸ ਕਿਸੇ ਕੋਲ਼ ਵੀ
ਇਹ ਰੰਗ ਨਹੀਂ
ਉਸ ਕੋਲ਼ ਕੋਈ ਵੀ ਰੰਗ ਨਹੀਂ
.................
ਇਹ ਰੰਗ
ਰੰਕ ਤੋਂ ਰਾਜੇ ਤੱਕ
ਰਾਜ ਕਰਦਾ ਹੈ
ਹਰ ਮਾਂ ਦੇ ਦੁੱਧ ‘ਚ
ਇਹ ਰੰਗ ਘੁਲ਼ਿਆ ਹੁੰਦਾ ਹੈ
======
ਮੈਂ ਸੱਚ ਹਾਂ
ਨਜ਼ਮ (1)
ਮੈਂ ਸੱਚ ਹਾਂ
ਅਣ-ਵਿਆਹੀ
ਔਰਤ ਦਾ
ਇੱਕ
ਅਣ-ਚਾਹਿਆ
ਗਰਭ ਹਾਂ!
ਤੇ ਇੱਕ ਤੁਸੀਂ ਹੋ
ਜੋ ਉਸ ਔਰਤ ਦੀ
ਪੱਤ ਲੁੱਟਣ
ਦਾ ਇਨਸਾਫ਼
ਕਿਸੇ
ਕਚਹਿਰੀ ਤੋਂ
ਮੰਗਦੇ ਹੋ
ਕਚਹਿਰੀ –
ਜੋ ਹਾਲਾਂ ਵੀ
ਗਵਾਹ ਦੀ
ਮੰਗ ਕਰਦੀ ਹੈ।
=====
ਮੈਂ ਸੱਚ ਹਾਂ
ਨਜ਼ਮ (2)
ਮੈਂ ਸੱਚ ਹਾਂ
ਕਿ ਸੱਚੀ ਮੁੱਚੀ
ਮੇਰੇ ਜਨਾਜ਼ੇ ‘ਚ
ਕੀ ਤੁਸੀਂ ਫਾਲਤੂ ਨਹੀਂ ਸੀ?
.........
ਕਿ ਮੇਰੀ ਕਬਰ ‘ਤੇ ਧਰੇ ਫੁੱਲ
ਤੁਸੀਂ ਐਵੇਂ ਮੁੱਚੀ ਦੇ
ਨਹੀਂ ਸਨ ਲਿਆਂਦੇ?
...........
ਕਿ ਮੇਰੇ ਦੁਸ਼ਮਣਾਂ ਨੂੰ
ਤੁਹਾਡੀ ਪੂਰੀ ਹਿਮਾਇਤ
ਨਹੀਂ ਸੀ ਹਾਸਿਲ?
............
ਤੇ ਹੁਣ ਤੁਸੀਂ ਵਾਪਸੀ ਲਈ
ਕਿੰਨੇ ਕਾਹਲ਼ੇ ਹੋ?
ਸ਼ਾਇਦ ਇਸੇ ਲਈ
ਕਿ
ਕਬਰਾਂ ‘ਚ ਗਿਆ
ਕਦ ਕੋਈ ਵਾਪਿਸ ਆਉਂਦਾ ਹੈ
ਕਦ ਕੋਈ ਵਾਪਿਸ ਆਉਂਦਾ ਹੈ...!
No comments:
Post a Comment