-----
ਉਹਨਾਂ ਦੀ ਖ਼ਾਸੀਅਤ ਹੈ ਕਿ ਚਾਹੇ ਆਪਣੀ ਸਿਹਤ ਨਾਸਾਜ਼ ਹੋਵੇ, ਪਰ ਆਰਸੀ ਲਈ ਕੁਝ ਨਾ ਕੁਝ ਲਿਖ ਕੇ ਅਤੇ ਈਮੇਲਾਂ ਰਾਹੀਂ ਬੇਸ਼ੁਮਾਰ ਮੋਹ ਅਤੇ ਆਸ਼ੀਰਵਾਰ ਭੇਜ ਕੇ ਮੇਰੀ ਹੌਸਲਾ-ਅਫ਼ਜ਼ਾਈ ਕਰਦੇ ਰਹਿੰਦੇ ਹਨ। ( ਮੈਥੋਂ ਵਕਤ ਸਿਰ ਜਵਾਬ ਨਾ ਲਿਖ ਸਕਣ ਦੀ ਖ਼ਤਾ ਨੂੰ ਵੀ ਉਹ ਹੱਸ ਕੇ ਮੁਆਫ਼ ਕਰ ਦਿੰਦੇ ਹਨ)। ਇਹੀ ਕਾਰਣ ਹੈ ਕਿ 24 ਅਕਤੂਬਰ, 2008 ਤੋਂ ਆਪਾਂ ਆਰਸੀ ਨੂੰ ਰੋਜ਼ਾਨਾ ਅਪਡੇਟ ਕੀਤਾ ਹੈ, ਕਿਉਂਕਿ ਤੁਹਾਡਾ ਇਹੀ ਪਿਆਰ ਅਤੇ ਆਸ਼ੀਰਵਾਦ ਅੱਗੇ ਵਧਣ ਲਈ ਪ੍ਰੇਰਦਾ ਹੈ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਉਹਨਾਂ ‘ਚੋਂ ਦੋ ਨਜ਼ਮਾਂ ਅੱਜ ਆਪਾਂ ਸ਼ਾਮਲ ਕਰ ਰਹੇ ਹਾਂ ਤੇ ਬਾਕੀ ਆਉਂਣ ਵਾਲ਼ੇ ਦਿਨਾਂ ‘ਚ ਆਰਸੀ ਤੇ ਪੋਸਟ ਕਰਾਂਗੇ। ਉਹਨਾਂ ਦੀ ਸਿਹਤਯਾਬੀ ਲਈ ਆਰਸੀ ਪਰਿਵਾਰ ਦੁਆਗੋ ਹੈ।
ਅਦਬ ਸਹਿਤ
ਤਨਦੀਪ ‘ਤਮੰਨਾ’
************
ਬੁਢਾਪਾ - ਇੱਕ ਬਿੰਬ ਸਕੇਪ
ਨਜ਼ਮ
ਉਸਨੂੰ ਹਵਾ ਤੋਂ
ਉਲਟੇ ਰੁਖ਼ ਚੱਲਣ ਦੀ ਆਦਤ ਹੈ!
...........
ਰੋਜ਼ ਸਵੇਰੇ
ਉਹ ਜਾਂ ਤੋਂ ਪੱਤਿਆਂ ਤੱਕ ਸੁੱਕ ਚੁੱਕੇ
ਬੂਟਿਆਂ ਨੂੰ ਪਾਣੀ ਪਾਉਂਦਾ ਹੈ
.............
ਟੁੱਟੇ, ਬਿਖਰੇ ਠੀਕਰ ਇਕੱਠੇ ਕਰਦਾ
ਬਰਤਨ ਬਣਾਉਂਣ ਲਈ, ਜੋੜ ਲਾਉਂਦਾ ਹੈ
...................
ਸ਼ੀਸ਼ੇ ਦੀਆਂ ਟੁਕੜੀਆਂ ‘ਚ ਖਿੰਡੇ ਨਕਸ਼
ਜੋੜਦਾ, ਇੱਕ ਚਿਹਰਾ ਬਣਾਉਂਦਾ ਹੈ
............
ਬਾਰ-ਬਾਰ ਫਟੇ ਹੋਏ ਭੁਕਾਨੇ ਵਿਚ
ਹਵਾ ਭਰਦਾ, ਉਸਨੂੰ ਫੁਲਾਉਂਦਾ ਹੈ
...........
ਵਾਪਰ ਕੇ ਵੀ
ਕੁਝ ਨਹੀਂ ਵਾਪਰਦਾ
ਸਮਾਂ ਪਿੱਛੇ ਵੱਲ ਨਹੀਂ ਮੁੜਦਾ
ਝੁਰੜੀਆਂ ‘ਚ ਫਟਿਆ ਬੁਢਾਪਾ
ਨਹੀਂ ਜੁੜਦਾ, ਜਵਾਨੀ ਵੱਲ
ਇੱਕ ਕਦਮ ਨਹੀਂ ਤੁਰਦਾ!!
............
ਉਸਨੂੰ ਹਵਾ ਤੋਂ
ਉਲਟੇ ਰੁਖ਼ ਚੱਲਣ ਦੀ ਆਦਤ ਹੈ!!!
========
ਕੈਨਵਸ ਤੇ ਬਿੰਦੂ
ਨਜ਼ਮ
ਕੈਨਵਸ ਉੱਤੇ
ਅਨੇਕਾਂ ਬਿੰਦੂ ਬਿਖਰੇ ਪਏ ਹਨ!
.............
ਤੂਲਿਕਾ ਇੱਕ ਕਦਮ ਪੁੱਟਦੀ
ਤੇ ਸਿਲਸਿਲਾ ਟੁੱਟ ਜਾਂਦਾ ਹੈ!
ਕੈਨਵਸ ਉੱਤੇ
ਇੱਕ ਹੋਰ ਬਿੰਦੂ ਬਣ ਜਾਂਦਾ ਹੈ!!
.................
ਇਨ੍ਹਾਂ ਬਿੰਦੂਆਂ ਅੰਦਰ
ਅਨੇਕਾਂ ਦਾਇਰੇ ਹਨ
ਰੂਪ ਹਨ
ਤਸਵੀਰਾਂ ਹਨ
...............
ਮੈਂ ਉਹ ਬਿੰਦੂ ਹਾਂ
ਜੋ ਕਿਸੇ ਵੀ ਇੱਛਾ
ਕਿਸੇ ਸੁਫ਼ਨੇ ਨੂੰ
ਕੋਈ ਰੂਪ ਨਾ ਦੇ ਸਕਿਆ
ਕੈਨਵਸ
ਤੂਲਿਕਾ
ਬਿੰਦੂ
ਤੇ
ਮੈਂ....
.........
.........
ਸਫ਼ਰ ਜਾਰੀ ਹੈ!!!
*************
ਯਾਦਾਂ ਦੀ ਐਲਬਮ: ਮੈਂ ਰਿਣੀ ਹਾਂ ਕਿ ਰਵੀ ਸਾਹਿਬ ਨੇ ਬਹੁਤ ਸਾਰੀਆਂ ਫੋਟੋਆਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਹਨ। ਅੱਜ ਉਹਨਾਂ ਦੀਆਂ ਦੋ ਬਹੁਤ ਪੁਰਾਣੀਆਂ ਖ਼ੂਬਸੂਰਤ ਫੋਟੋਆਂ ਪੋਸਟ ਕਰ ਰਹੇ ਹਾਂ। ਬਾਕੀ ਅਗਲੀਆਂ ਪੋਸਟਾਂ 'ਚ ਸ਼ਾਮਿਲ ਕਰਾਂਗੇ। ਪਹਿਲੀ ਫੋਟੋ ‘ਚ ਰਵੀ ਸਾਹਿਬ ਅੰਮ੍ਰਿਤਾ ਪ੍ਰੀਤਮ ਜੀ ਅਤੇ ਦੂਜੀ ‘ਚ ਬਲਵੰਤ ਗਾਰਗੀ ਜੀ ਨਾਲ਼।
No comments:
Post a Comment