ਇਕ ਝਲਕ ਇਕ ਪਲ ਲਈ ਮੈਨੂੰ ਵਿਖਾ ਹਮਦਮ ਮੇਰੇ।
ਮੇਰੀਆਂ ਅੱਖਾਂ ਨੂੰ ਹੈ ਵੇਖਣ ਦਾ ਚਾ’ ਹਮਦਮ ਮੇਰੇ।
-----
ਮੇਰੇ ਵਿਹੜੇ ਹੈ ਹਨੇਰਾ ਦੇਰ ਤੋਂ ਗੂੜ੍ਹਾ ਬਹੁਤ,
ਫੁੱਲ ਚਾਨਣ ਦੇ ਖਿੜਨ ਤੂੰ ਪੈਰ ਪਾ ਹਮਦਮ ਮੇਰੇ।
-----
ਸ਼ਬਦ ਉੱਡੇ, ਸਾਜ਼ ਗਾਇਬ, ਚੁੱਪ ਘਾਤਕ ਹੋ ਗਈ,
ਤੋੜ ਕੇ ਜਾਲ਼ ਇਹ ਤੂੰ ਗੀਤ ਗਾ ਹਮਦਮ ਮੇਰੇ।
-----
ਥਲ਼ ‘ਚ ਉੱਗੇ ਰੁੱਖ ਨੂੰ ਵੀ ਜੀਣ ਦਾ ਤਾਂ ਹੱਕ ਹੈ,
ਦੀਦ ਅਪਣੀ ਦਾ ਮੇਰੇ ‘ਤੇ ਮੀਂਹ ਵਰ੍ਹਾ ਹਮਦਮ ਮੇਰੇ।
-----
ਦਿਨ, ਮਹੀਨੇ, ਸਾਲ ਸਾਰੇ ਦੌੜਦੇ ਹੀ ਜਾ ਰਹੇ,
ਆ ਸਮਾਂ ਸਾਨੂੰ ਮੁਕਾਉਂਦਾ ਜਾ ਰਿਹਾ ਹਮਦਮ ਮੇਰੇ।
------
ਜ਼ਿੰਦਗੀ ਦੀ ਯਾਤਰਾ ਹੈ ਸਭ ਤੋਂ ਮੁਸ਼ਕਿਲ ਯਾਤਰਾ,
ਆ ਸਫ਼ਲ ਫਿਰ ਵੀ ਹੋ ਰਹੇ ਇਹ ਯਾਤਰਾ ਹਮਦਮ ਮੇਰੇ।
-----
ਜ਼ਿੰਦਗੀ ਦੇ ਸ਼ਿਅਰ ਦਾ ਫਿਰ ਕੋਈ ਮਤਲਬ ਵੀ ਬਣੇ,
ਦੂਸਰਾ ਮਿਸਰਾ ਕਿਤੋਂ ਤੂੰ ਬਣਕੇ ਆ ਹਮਦਮ ਮੇਰੇ।
1 comment:
Hamdam banaam doosra misra......bahut hi vadhiya Punia jio...
Post a Comment