ਨਜ਼ਮ
ਮਨ ਦੀ ਪਾਰਲੀਮੈਂਟ ‘ਚ
ਸਦਾ ਸ਼ੋਰ ਸ਼ਰਾਬਾ ਰਹਿੰਦਾ ਹੈ
ਕਦੇ ਨਾਅਰੇਬਾਜ਼ੀ ਕਰਦੇ ਹਨ
ਬੀਤੇ ਦੇ ਪਰਛਾਵੇਂ
ਤੇ ਕਦੇ ਮੇਰੇ ਸੁਪਨੇ
ਵਾਕ ਆਊਟ ਕਰ ਜਾਂਦੇ ਹਨ
..........
ਵਿਰੋਧੀ ਧਿਰ ਦੀ ਨੇਤਾ ਮੇਰੀ ਭਾਵੁਕਤਾ
ਰੋਜ਼ ਉਠਾਉਂਦੀ ਹੈ, ਢਹਿ ਗਈ
ਮੇਰੇ ਕਾਸ਼ਨੀ ਚਾਵਾਂ ਦੀ ਮਸਜਿਦ ਦਾ ਮਾਮਲਾ
ਤੇ ਕਦੇ ਮੇਰੇ ਅੰਦਰ ਹੋ ਰਹੇ
ਦੰਗੇ ਫ਼ਸਾਦਾਂ ਦਾ ਮਸਲਾ
ਮੇਰੇ ਲੱਖ ਸਪੱਸ਼ਟੀਕਰਣ ਦੇਣ ‘ਤੇ ਵੀ
ਉਹ ਕਰਦੀ ਹੈ ਨਾ ਸੰਤੁਸ਼ਟੀ ਦਾ ਪ੍ਰਗਟਾਵਾ
ਨਿੱਤ ਹੁੰਦੇ ਧਮਾਕਿਆਂ ਤੋਂ ਪੀੜਤ ਰੂਹ ਦੇ ਜ਼ਖ਼ਮ
ਹੋ ਹੱਲਾ ਮਚਾਉਂਦੇ
ਹਾਊਸ ਦੇ ਵਿਚਕਾਰ ਆ ਜਾਂਦੇ ਹਨ
ਤੇ ਖ਼ਿਲਾਅ ਮੇਰੇ ਖ਼ਿਲਾਫ਼ ਅਕਸਰ
ਪੇਸ਼ ਕਰਦਾ ਹੈ ਮਰਿਯਾਦਾ ਨੋਟਿਸ
..............
ਇਸ ਹੰਗਾਮਿਆਂ ਦੇ ਭਰੇ ਮਾਹੌਲ ‘ਚ ਮੈਂ ਬੇਬਸ ਹਾਂ
ਕਿ ਕੋਈ ਇਕ ਵੀ ਮਤਾ ਮੈਂ ਆਪਣੇ ਹੱਕ ‘ਚ
ਜ਼ੁਬਾਨੀ ਵੋਟ ਰਾਹੀਂ ਪਾਸ ਕਰ ਸਕਾਂ
ਤੇ ਨਾ ਹੀ ਮੇਰੇ ਪਾਸ ਹੈ ਅਜਿਹਾ ਕੋਈ ਮਾਰਸ਼ਲ
ਜੋ ਮੇਰੀਆਂ ਤਲਖ਼ੀਆਂ, ਬੇਚੈਨੀਆਂ, ਟੁੱਟ-ਭੱਜ, ਪ੍ਰੇਸ਼ਾਨੀਆਂ
ਨੂੰ ਚੁੱਕ ਕੇ ਬਾਹਰ ਸੁੱਟ ਦੇਵੇ
ਹਾਊਸ ਜੋ ਅੱਧੀ ਰਾਤ ਨੂੰ ਜੁੜਦਾ ਹੈ
ਪਤਾ ਨਹੀਂ ਕਦ ਨੀਂਦ ਦੀ ਬਿੜਕ ਸੁਣ
ਅਗਲੀ ਰਾਤ ਤੱਕ ਉੱਠ ਜਾਂਦਾ ਹੈ...!
1 comment:
bahut zordar nazm
Post a Comment