ਰਿਝਦਾ ,ਬਲਦਾ ,ਸੜਦਾ ਅਤੇ ਉੱਬਲਦਾ ਰਹਿੰਦਾਂ।
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ।
-----
ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ,
ਮੰਜ਼ਿਲ ਵੱਲ ਫਿਰ ਵੀ ਰੋਜ਼ ਸਰਕਦਾ ਰਹਿੰਦਾਂ।
-----
ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ,
ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਦਾਂ।
-----
ਉਹਨਾਂ ਦੇ ਝੂਠ ਤੋਂ ਵਾਕਫ਼ ਹਾਂ ਉਹ ਵੀ ਜਾਣ ਚੁੱਕੇ ਨੇ,
ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਦਾਂ।
-----
ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ,
ਆਪਣੇ ਆਪ ਵਿਚ ਤਾਹੀਓ ਹਮੇਸ਼ਾ ਕਲਪਦਾ ਰਹਿੰਦਾਂ।
-----
ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜ਼ਿੰਦਗੀ,
ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਦਾਂ।
-----
ਜਾਪਦਾ ਏ ਤੁਰ ਜਾਏਗੀ ਭੰਗ ਦੇ ਭਾਣੇ ਇਹ ਦੇਹੀ,
ਥੋੜ੍ਹਾ ਥੋੜ੍ਹਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਦਾਂ।
-----
ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ,
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਦਾਂ।
No comments:
Post a Comment