ਉਹ ਵੀ ਦਿਨ ਸਨ ਢਾਬ ਤੀਕਰ ਆਪ ਸੀ ਆਈ ਨਦੀ।
ਮਾਫ਼ ਕਰਨਾ ਪੰਛਿਓ ਅਜ ਆਪ ਤਿਰਹਾਈ ਨਦੀ।
-----
ਕੀ ਪਤਾ ਸੀ ਮੈਲ਼ ਸਦੀਆਂ ਦੀ ਸਦਾ ਧੋਣੀ ਪਊ,
ਸ਼ਿਵ ਜਟਾਵਾਂ ‘ਚੋਂ ਬਰੀ ਹੋ ਕੇ ਵੀ ਪਛਤਾਈ ਨਦੀ।
-----
ਗਉਣ ਦੀ ਥਾਵੇਂ ਮਲਾਹਾਂ ਭਰ ਲਏ ਹਉਕੇ ਜਦੋਂ,
ਗਰਕਦੀ ਜਾਵੇ ਥਲ਼ਾਂ ਵਿਚ ਪਰਬਤਾਂ ਜਾਈ ਨਦੀ।
-----
ਏਸ ਦੇ ਜਲ ‘ਚੋਂ ਜਨੌਰਾਂ ਚੁੰਝ ਭਰਨੀ ਸੀ ਅਜੇ,
ਦੋਖੀਆਂ ਨੇ ਜਾਮ ਵਿਚ ਸਾਰੀ ਹੀ ਉਲਟਾਈ ਨਦੀ।
-----
ਕੀ ਪਤਾ ਸੀ ਢੋਣੀਆਂ ਲਾਸ਼ਾਂ ਕਿਸੇ ਦਿਨ ਪੈਣੀਆਂ,
ਸੋਚਦੀ: ਮੈਂ ਰੇਤ ਹੁੰਦੀ ਕਿਉਂ ਮੈਂ ਅਖਵਾਈ ਨਦੀ।
-----
ਬਰਫ਼ ਹੈ ਜਾਂ ਭਾਫ਼ ਹੈ ਦੱਸ ਜਾਣ ਕਿੱਥੇ ਮਛਲੀਆਂ,
ਬੇਬਸੀ ਅੰਦਰ ਵਿਚਾਰੀ ਨੈਣ ਭਰ ਆਈ ਨਦੀ।
-----
ਸ਼ੋਰ ਤੂਫ਼ਾਨਾਂ ਦਾ ਮੁਕ ਜਾਵੇਗਾ ਆਖ਼ਿਰ ਓਸ ਦਿਨ,
ਲਭ ਪਵੇਗੀ ਫੇਰ ਡੁੱਬੀ ਹੈ ਜੋ ਸ਼ਹਿਨਾਈ ਨਦੀ।
1 comment:
Wadhiya Jaswinder Ji. Keep it on ... ... ...
Sukhdev.
Post a Comment