ਧਾਰਮਿਕ ਗੀਤ
ਸੌਦਾ ਸੱਚ ਦਾ ਵਪਾਰੀ ਕਿਵੇਂ ਕਰਦਾ ਫਿਰੇ।
ਨੀ ਉਹ ਤੇ ਝੋਲ਼ੀਆਂ ਫ਼ਕੀਰਾਂ ਦੀਆਂ ਭਰਦਾ ਫਿਰੇ।
ਸੌਦਾ ਸੱਚ ਦਾ ਵਪਾਰੀ....
-----
ਜਿੱਥੇ-ਜਿੱਥੇ ਨਿਗਾਹ ਮਾਰੇ, ਡੁੱਬੇ ਬੇੜਿਆਂ ਨੂੰ ਤਾਰੇ।
ਉਹਦੇ ਪੈਰਾਂ ਵਿਚ ਬੈਠੇ, ਕਈ ਬਾਬਰ ਵਿਚਾਰੇ।
ਨੀ ਉਹ ਤੇ ਹਰ ਦਾ ਪਿਆਰਾ ਹੋਇਆ ਹਰਦਾ ਫਿਰੇ...
ਸੌਦਾ ਸੱਚ ਦਾ ਵਪਾਰੀ....
------
ਉਹਦੀ ਗੋਦੜੀ ਦੀ ਪਾਟੀ ਹੋਈ, ਇਕ ਇਕ ਲੀਰ।
ਕਹਿੰਦੀ ਬਾਦਸ਼ਾਹਾਂ ਤਾਈਂ, ਆਇਆ ਨਾਨਕੀ ਦਾ ਵੀਰ।
ਨੀ ਉਹਦਾ ਮੱਝੀਆਂ ਦਾ ਵੱਗ ਆਪੇ ਚਰਦਾ ਫਿਰੇ...
ਸੌਦਾ ਸੱਚ ਦਾ ਵਪਾਰੀ....
-----
ਉਹਦੇ ਨੈਣ ਮਸਤਾਨੇ, ਕੇਡੇ ਭੋਲ਼ੇ ਤੇ ਦੀਵਾਨੇ।
ਚੁੱਕੀ ਫਿਰਦੇ ਰਬਾਬਾਂ, ਲੱਖਾਂ ਬਾਲੇ ਮਰਦਾਨੇ।
ਰੰਗ ਮੱਕਿਆਂ ਮਦੀਨਿਆਂ ਚ ਭਰਦਾ ਫਿਰੇ....
ਸੌਦਾ ਸੱਚ ਦਾ ਵਪਾਰੀ....
-----
ਜਾਂ ਉਹ ਹਟੜੀ ‘ਚ ਤੱਕੜੀ ‘ਚ, ਤੇਰਾ ਤੇਰਾ ਗਾਵੇ।
ਉਹਦੇ ਭਰਿਆਂ ਖ਼ਜ਼ਾਨਿਆਂ ‘ਚ, ਘਾਟ ਕੋਈ ਨਾ ਆਵੇ।
ਉਹਦਾ ਰਾਏ ਨੀ ਬੁਲਾਰ ਪਾਣੀ ਭਰਦਾ ਫਿਰੇ....
ਸੌਦਾ ਸੱਚ ਦਾ ਵਪਾਰੀ....
-----
ਕਾਲੂ ਚੰਦ ਦਾ ਪਿਆਰਾ, ਮਾਤਾ ਤ੍ਰਿਪਤਾ ਦਾ ਤਾਰਾ।
ਸਿੱਖਾਂ, ਮੋਮਨਾਂ ਤੇ ਹਿੰਦੂਆਂ ਦਾ, ਸਭ ਦਾ ਪਿਆਰਾ।
ਉਹਦਾ ਤਾਰਿਆ ਈ ‘ਨੂਰਪੁਰੀ’ ਤਰਦਾ ਫਿਰੇ....
ਸੌਦਾ ਸੱਚ ਦਾ ਵਪਾਰੀ....
No comments:
Post a Comment