ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 3, 2009

ਸੁਰਜੀਤ ਰਾਮਪੁਰੀ - ਗੀਤ

ਲਹਿਰਾਂ

ਗੀਤ

ਲਹਿਰਾਂ, ਉਛਲ ਉਛਲ ਕੇ ਆਣ।

ਲਹਿਰਾਂ, ਮਚਲ ਮਚਲ ਕੇ ਆਣ।

-----

ਨੀਲੇ ਜਲ ਦੇ ਸੀਨੇ ਉੱਤੇ

ਇਕ ਦੂਜੀ ਦੀਆਂ ਬਾਹਾਂ ਫੜਕੇ

ਝੁੰਮਰ ਕੋਈ ਪਾਣ।

ਲਹਿਰਾਂ, ਮਚਲ ਮਚਲ ਕੇ....

-----

ਨਚ ਨਚ ਪਾਗਲ ਹੋਈਆਂ ਹੀਰਾਂ

ਵੰਝਲੀ ਦੀ ਮਿਠੜੀ ਲੈ ਸੁਣ ਕੇ

ਝੂੰਮ ਝੂੰਮ ਲਹਿਰਾਣ।

ਲਹਿਰਾਂ, ਮਚਲ ਮਚਲ ਕੇ...

-----

ਥਕ ਥਕ ਜਾਵਣ ਪੈਰ ਇਨ੍ਹਾਂ ਦੇ

ਕੰਢੇ ਦੀਆਂ ਬਾਹਾਂ ਵਿਚ ਸੌਂ ਕੇ

ਹਿੱਕੜੀ ਨੂੰ ਗਰਮਾਣ।

ਲਹਿਰਾਂ, ਮਚਲ ਮਚਲ ਕੇ...

-----

ਰਾਤੀਂ ਇਹਨਾਂ ਦੇ ਵਿਹੜੇ ਅੰਦਰ

ਚੰਨ-ਚਾਨਣੀ, ਤਾਰੇ ਦੀ ਲੋਅ

ਮਿੱਠਾ-ਮਿੱਠਾ ਮੁਸਕਾਣ।

ਲਹਿਰਾਂ, ਮਚਲ ਮਚਲ ਕੇ...

-----

ਚਿੱਟੀਆਂ ਚਿੱਟੀਆਂ ਚੰਨ ਦੀਆਂ ਰਿਸ਼ਮਾਂ

ਲਹਿਰਾਂ ਦੇ ਸੀਨੇ ਨੂੰ ਚੁੰਮ ਕੇ

ਪਰਛਾਵੀਂ ਲੁਕ ਜਾਣ।

ਲਹਿਰਾਂ, ਮਚਲ ਮਚਲ ਕੇ...

-----

ਜਦ ਸਮੀਰ ਦਾ ਬੁੱਲਾ ਆਵੇ

ਜਾਗ ਪੈਣ ਅੰਗੜਾਈ ਲੈ ਕੇ

ਅੱਧ-ਸੁੱਤੇ ਅਰਮਾਨ।

ਲਹਿਰਾਂ, ਮਚਲ ਮਚਲ ਕੇ...

-----

ਸੂਹੀਆਂ ਸੂਹੀਆਂ ਸੂਰਜ-ਕਿਰਨਾਂ

ਲਹਿਰਾਂ ਦੇ ਕੋਮਲ ਹੋਠਾਂ ਨੂੰ

ਰੰਗਲੀ ਸੁਰਖ਼ੀ ਲਾਣ।

ਲਹਿਰਾਂ, ਮਚਲ ਮਚਲ ਕੇ...

-----

ਆ ਵੇ ਮਾਹੀ! ਹਾਂ ਨੀ ਚੰਨੀਏ!

ਲਹਿਰਾਂ ਤੇ ਕੰਢਿਆਂ ਦੇ ਵਾਂਗੂੰ

ਪਾ ਲਈਏ ਪਹਿਚਾਣ।

ਲਹਿਰਾਂ, ਮਚਲ ਮਚਲ ਕੇ...

No comments: