ਨਜ਼ਮ
ਲੱਗ ਪਿੱਛੇ ਮੈਂ ਦੁਨੀਆਂ ਦੇ
ਕਿੰਨੀ ਵਾਰ
ਏਸ ਨੂੰ ਪੁੱਟਿਆ
ਜਿੰਨੀ ਵਾਰ ਉਖਾੜ ਕੇ ਜੜ੍ਹ ਤੋਂ
ਦੂਰ ਕਿਧਰੇ
ਮੈਂ ਏਸ ਨੂੰ ਸੁੱਟਿਆ
ਓਨਾਂ ਜ਼ਿਆਦਾ
ਇਹ ਹੋਰ ਫੁੱਟ ਆਇਆ
ਓਨਾਂ ਜ਼ਿਆਦਾ
ਇਹ ਹੋਰ ਫਲ਼ ਆਇਆ
ਦਿਲ ਦੀ ਭੌਂ ਤੇ ਜਨੂੰਨ ਦਾ ਬੂਟਾ।
................
ਦਿਲ ਦੀ ਭੌਂ ਤੇ ਜਨੂੰਨ ਦਾ ਬੂਟਾ
ਪੁੱਟ ਹੋਇਆ ਨਾ ਪੁੱਟ ਹੋਇਆ ਮੈਥੋਂ
ਏਸ ਭੌਂ ਦਾ
ਤੇ ਏਸ ਬੂਟੇ ਦਾ
ਰਿਸ਼ਤਾ ਇਕ ਹੈ ਅਟੁੱਟ ਏਦਾਂ ਦਾ
ਜਿੱਦਾਂ ਨਹੁੰ ਦਾ
ਤੇ ਮਾਸ ਦਾ ਰਿਸ਼ਤਾ
ਜਿੱਦਾਂ ਤਨ ਦਾ, ਸੁਆਸ ਦਾ ਰਿਸ਼ਤਾ
ਜਿੱਦਾਂ ਫੁੱਲ ਦਾ ਤੇ ਬਾਸ ਦਾ ਰਿਸ਼ਤਾ।
...............
ਕਿੰਨਾ ਭਾਰੀ
ਗੁਨਾਹ ਮੈਂ ਕੀਤਾ
ਵਾਰੀ-ਵਾਰੀ ਜੋ ਪੁੱਟਿਆ ਇਸਨੂੰ
ਪੁੱਟ ਕਿਧਰੇ ਜੋ ਸੁੱਟਿਆ ਇਸਨੂੰ
ਫੁੱਲ ਪੈਂਦੇ ਨੇ
ਏਸ ਨੂੰ ਫ਼ਨ ਦੇ
ਸਾਰੇ ਮੌਸਮ ਬਹਾਰ ਦੇ ਮੌਸਮ
ਹੁੰਦੇ ਇਸ ਦੀ ਨੇ ਹੋਂਦ ਦੇ ਸਦਕੇ।
ਫੁੱਟੇ, ਫੁੱਲੇ,
ਫਲ਼ੇ ਹਮੇਸ਼ਾ ਇਹ
ਦਿਲ ਦੀ ਭੌਂ ਤੇ ਜਨੂੰਨ ਦਾ ਬੂਟਾ
ਮੇਰੇ ਆਪਣੇ ਹੀ ਖ਼ੂਨ ਦਾ ਬੂਟਾ।
No comments:
Post a Comment