ਕਰੂਪੇ ਦੇ ਗਿਆ ਚਾਨਣ ਚਮਕਦੀ ਚਾਨਣੀ ਬਣਕੇ।
ਤੇ ਲੁਟ ਕੇ ਲੈ ਗਿਆ ਲੋਆਂ ਕੋਈ ਨਵ-ਰੌਸ਼ਨੀ ਬਣਕੇ।
-----
ਬਦਲ ਦਿੱਤਾ ਧਰਮਸ਼ਾਲਾ, ਸ਼ਿਵਾਲੇ ਨੂੰ ਇਮਾਰਿਤ ਵਿਚ,
ਅਜ਼ਾਂ ਨੂੰ ਹਰ ਲਿਆ ਮਸਜਿਦ ‘ਚੋਂ ਕਿਸ ਨੇ ਮੌਲਵੀ ਬਣਕੇ।
-----
ਇਹ ਕੁਦਰਤ ਦੀ ਕਰੂਪੀ ਜਾਂ ਸ਼ਰਾਰਤ ਹੈ ਜ਼ਮਾਨੇ ਦੀ,
ਮੈਂ ਅਪਣੇ ਘਰ ਨੂੰ ਜਦ ਆਇਆਂ ਤਾਂ ਆਇਆ ਅਜਨਬੀ ਬਣਕੇ।
------
ਮੈਂ ਸੁਣਿਆ ਹੈ ਜੁਦਾ ਹੁੰਦਾ ਨਹੀਂ ਹੈ ਮਾਸ ਨੌਹਾਂ ਤੋਂ,
ਕੋਈ ਖਿੱਚੇ ਜਮੂਰਾਂ ਨਾਲ਼ ਜਾਂ ਚੀਰੇ ਛੁਰੀ ਬਣਕੇ।
-----
ਵਰੀ ਖ਼ਾਤਰ ਬਣਾਈ ਸੀ ਮਿਰੀ ਮਾਂ ਨੇ ਜੋ ਫੁਲਕਾਰੀ,
ਕਿਸੇ ਘਰ ਵਿਚ ਲਟਕਦੀ ਹੈ ਸਜਾਵਟ ਦੀ ਦਰੀ ਬਣਕੇ।
------
ਜੋ ਆਪਣੇ ਦੇਸ਼ ਵਿਚ ਖ਼ੁਦ ਨੂੰ ਕਹਾਉਂਦਾ ਸੀ ਮਹਾਂ ਸ਼ਾਇਰ,
ਬਦੇਸ਼ੀਂ ਭਟਕਦਾ ਰੋਜ਼ੀ ਲਈ ਦਰ ਦਰ ਕੁਲੀ ਬਣਕੇ।
------
ਮਿਰਾ ਪੁਖ਼ਤਾ ਯਕੀਂ ਏਂ ਦੇਖਣਾ ਇਕ ਦਿਨ ਨਦੀਮਾ! ਕਿ
ਦੇਊਗਾ ਦਰਸ ਆਪੇ ਰੱਬ ਉਲਫ਼ਤ ਦਾ ਨਬੀ ਬਣਕੇ।
No comments:
Post a Comment