ਨਜ਼ਮ
ਦੂਰੀ
ਭਟਕਣ
ਮੁਹੱਬਤ
ਮੋਹਪਾਸ਼
ਮੈਂ ਜਦ ਵੀ ਤੈਥੋਂ
ਦੂਰ ਹੁੰਦਾ ਹਾਂ
ਤਾਂ ਇਹ ਸਭ ਮੈਨੂੰ
ਬਹੁਤ ਦੁੱਖ ਦਿੰਦੇ ਨੇ - ਮੈਂ ਕਿਹਾ
........
ਤੂੰ ਮੈਨੂੰ ਗਲ਼ ਨਾਲ਼ ਲਾ ਲਿਆ ਤੇ ਕਿਹਾ -
ਚੰਨ ਭਾਵੇਂ ਕਿੰਨਾ ਵੀ ਦੂਰ ਹੋਵੇ
ਉਹ ਨਦੀ ਦੀ ਗੋਦ ਵਿਚ ਹੁੰਦਾ ਹੈ
............
ਉਸ ਪਲ ਤੋਂ ਮੈਂ ਮਹਿਸੂਸ ਕਰਦਾ ਹਾਂ
ਕਿ ਇਕ ਠੰਢੀ ਸ਼ੱਫ਼ਾਫ਼ ਤੇ ਨਿਰਮਲ ਨਦੀ
ਮੇਰੇ ਅੰਤਸ ਵਿਚ ਵਹਿ ਰਹੀ ਹੈ
ਤੇ ਉਸ ਵਿਚ ਮੈਂ ਹਰ ਰੋਜ਼
ਚੰਨ ਬਣ ਕੇ ਚੜ੍ਹਦਾ ਹਾਂ
======
ਵਰਤਮਾਨ
ਨਜ਼ਮ
ਮੈਂ ਜਦ ਵੀ ਤੇਰੇ ਕੋਲ਼ ਹੁੰਦਾ ਹਾਂ
ਤਾਂ ਤੇਰੇ ਕੋਲ਼ ਹੀ ਹੋਵਾਂ
ਮੈਂ ਜਦ ਤੈਥੋਂ ਦੂਰ ਹੁੰਦਾ ਹਾਂ
ਤਾਂ ਤੈਥੋਂ ਦੂਰ ਹੀ ਹੋਵਾਂ
.........
ਵਰਤਮਾਨ ਤੋਂ ਪਰੇ
ਕਦੇ ਕੋਈ ਫੁੱਲ ਨਹੀਂ ਖਿੜਦਾ
======
ਵਾਪਸੀ
ਨਜ਼ਮ
ਨਦੀ ਉੱਤਰ ਗਈ ਹੈ
ਚੰਨ ਪੱਛਮ ਦੀ ਗੁੱਠੇ ਜਾ ਲੱਗਾ ਹੈ
ਸ਼ਬਦਾਂ ਦੇ ਚਿੱਟੇ ਰਾਜਹੰਸ
ਅਰਥਾਂ ਦੇ ਪਿੰਜਰਿਆਂ ਚੋਂ ਨਿੱਕਲ
ਸੁੱਚੇ ਮੋਤੀ ਚੁਗ ਰਹੇ ਹਨ
.........
ਸੁਪਨ ਸਮਿਰਤੀਆਂ ਖ਼ਲਾਅ ਵਿੱਚ
ਤਹਿਲੀਲ ਹੋ ਰਹੀਆਂ ਹਨ
............
ਸੁਰਤੀ ਦਾ ਦੀਵਾ ਜਗ ਰਿਹਾ ਹੈ
ਸ਼ਾਇਰ ਵਾਪਸ ਪਰਤ ਰਿਹਾ ਹੈ
3 comments:
good bhaji. i like ur new poems.
surti laggan te hi iho jihiaan nazmaa akaar laindiaan han. vartman to pare koi phull nahi khirhda........
Teriaan gallan sabh de naam.......Darvesh
Post a Comment