ਨਜ਼ਮ
ਅਸਮਾਨ ਲਗਭਗ ਸਾਫ਼ ਹੈ
ਕੋਈ ਵਿਉਂਤ-ਵਿਧੀ ਸੋਚੀ ਜਾ ਸਕਦੀ ਹੈ
ਕੋਈ ਸਿਆਸੀ ਫ਼ਾਲ-ਪੱਚਰ ਵੀ
ਭਾਲ਼ੀ ਟੋਲ਼ੀ ਜਾ ਸਕਦੀ ਹੈ
ਬਸ, ਮਨ ਨੂੰ
ਇਕ ਮੋੜਾ ਦੇਣ ਦੀ ਲੋੜ ਹੈ
ਜਹਾਜ਼ ਦਿੱਲੀ ਦੀ ਪਟੜੀ ‘ਤੇ
ਸੌਖਾ ਹੀ ਉੱਤਰ ਸਕਦਾ ਹੈ
ਕੋਈ ਰਾਜਸੀ-ਮਿੱਤਰ
ਬਾਂਹ ਵਿਚ ਬਾਂਹ ਪਾ ਕੇ
ਪਿੰਡ ਤੱਕ ਵੀ ਲਿਜਾ ਸਕਦਾ ਹੈ।
.........
ਪਰ ਹੁਣ ਪੈਰਾਂ ਵਿਚ, ਚਿੱਤ ਵਿਚ
ਉਹ ਲਰਜ਼ਿਸ਼, ਉਹ ਜੁੰਬਸ਼,
ਉਹ ਤਮੰਨਾ, ਉਹ ਖ਼ਾਹਿਸ਼
ਉਹ ਚਾਅ ਜਿਹਾ ਨਹੀਂ ਰਿਹਾ ਕਿ
ਪਿੰਡ ਨੂੰ ਮੁੜ ਚੱਲੀਏ!
.........
ਹੁਣ ਜੇ ਚਲੇ ਵੀ ਗਏ
ਤਾਂ ਨਾ ਤਾਂ ਮਾਂ ਨੇ
ਮੋਟਰ ਦੀ ਗੂੰਜ ਸੁਣ ਕੇ
ਭੱਜੀ-ਭੱਜੀ ਆਉਂਣਾ ਹੈ
ਤੇ ਆਪਣੀ
ਘਣ-ਪਿਆਰੀ ਛਾਤੀ ਨਾਲ਼ ਲਾਉਂਣਾ ਹੈ
ਤੇ ਨਾ ਹੀ ਕਾਹਲ਼ੀ ਕਾਹਲ਼ੀ
ਕਾਰ ਦੁਆਲ਼ੇ ਖ਼ਬਰਦਾਰ ਜਿਹਾ ਫਿਰਦਾ
ਬਾਪੂ ਇਹ ਪੁੱਛੇਗਾ –
“ਕੋਈ ਨਗ ਪਿੱਛੇ ਤਾਂ ਨਹੀਂ ਛੱਡ ਆਇਆ?”
..............
ਜਦ ਘਰ ਦੇ ਬਨੇਰੇ ਤੋਂ
ਉਹ ਸੁੰਦਰ ਮਾਂ-ਪਿਓ
ਮੋਰ-ਮੋਰਨੀ ਹੀ ਉੱਡ ਗਏ ਹਨ
ਤਾਂ ਉਹਨਾਂ ਦੀ ਰੌਣਕ-ਰੰਗੀਨੀ
ਤੇ ਹਾਜ਼ਰੀ-ਵਿਹੂਣਾ
ਘਰ - ਕੀ ਹੋਵੇਗਾ?
ਇਹ ਮਹਿਜ਼ ਇੱਟਾਂ ਦੀ
ਇਕ ਇਮਾਰਤ ਹੋਵੇਗਾ ਨਾ!
ਭਰਾਵਾਂ ਇਸ ‘ਚ ਜਾਲ਼ੀਦਾਰ
ਦਰਵਾਜ਼ੇ ਲੁਆ ਦਿੱਤੇ ਹੋਣਗੇ
ਵੱਧ ਤੋਂ ਵੱਧ
ਇਸਨੂੰ ਆਧੁਨਿਕ ਸਹੂਲਤਾਂ ਨਾਲ਼
ਸ਼ਿੰਗਾਰ ਦਿੱਤਾ ਹੋਵੇਗਾ!
.............
ਪਰ ਘਰ ਕੀ
ਇਹਨਾਂ ਗੱਲਾਂ ਨਾਲ਼ ਬਣਦੇ ਹਨ?
ਹਾਂ, ਦਿਸਣ ਨੂੰ
ਉੱਤੋਂ ਉੱਤੋਂ ਤਾਂ ਬਣਦੇ ਹਨ
ਪਰ ਅਸਲ ਘਰ ਤਾਂ
ਜਿਉਂਦੇ ਮਾਪਿਆਂ ਨਾਲ਼ ਹੀ ਬਣਦੇ ਹਨ
ਘਰ ਮਾਪਿਆਂ ਨਾਲ਼
ਬਹੁਕਰਾਂ ਵਾਂਗ ਬੱਝੇ ਰਹਿੰਦੇ ਹਨ
ਤੇ ਉਹਨਾਂ ਦੇ ਤੁਰਨ ਮਗਰੋਂ
ਕਈ ਵੇਰ ਤੀਲ੍ਹਿਆਂ ਵਾਂਗ ਖਿੱਲਰ ਜਾਂਦੇ ਹਨ!!
ਹੁਣ ਜਦੋਂ ਘਰ-ਬਨੇਰਿਓਂ
ਸੋਹਣੇ ਮੋਰ-ਮੋਰਨੀ ਉਡਾਰੀ ਮਾਰ ਗਏ ਹਨ
ਤਾਂ ਪਿੰਡ ਪਰਤਣ ਨੂੰ ਜੀਅ ਜਿਹਾ ਹੀ ਨਹੀਂ ਕਰਦਾ
ਉਹਨਾਂ ਦੇ ਉੱਡ ਜਾਣ ਉਪਰੰਤ ਹੁਣ ਪਿੰਡ
ਨਿਰਾਰਥਕ ਜਿਹਾ ਲੱਗਦਾ ਹੈ।
...........
ਹੁਣ ਜੇ ਚਲੇ ਵੀ ਜਾਈਏ
ਪਿੰਡ ਵਿਚ ਬਹੁਤ ਕੁਝ
ਰਹਿ ਵੀ ਨਹੀਂ ਗਿਆ ਹੋਣਾ
ਜਮਾਲੇ ਦੇ ਕੁੱਤੇ!
ਬਿੰਦਰੇ ਦੇ ਕਬੂਤਰ!!
ਤੇ ਬੂਟੇ ਦੇ ਸ਼ਿਕਾਰੀ!!!
ਸਭ ਮਰ ਗਏ ਹੋਣਗੇ।
.............
ਦਿਲ ਕਦੇ-ਕਦੇ ਸਮੁੰਦਰ ਵਾਂਗ ਉੱਛਲ਼ਦਾ ਹੈ
ਉੱਛਲ਼-ਉੱਛਲ਼ ਕੇ ਭਰਦਾ ਹੈ –
ਭਰ ਭਰ ਕੇ ਉੱਤਰਦਾ ਹੈ
ਅਸਮਾਨ ਵੀ ਹੁਣ ਤਾਂ ਸਮਝੋ
ਲਗਭਗ ਸਾਫ਼ ਹੀ ਹੈ
ਕੋਈ ਵਿਉਂਤ-ਵਿਧੀ
ਸੋਚੀ ਜਾ ਸਕਦੀ ਹੈ
ਜਹਾਜ਼ ਦਿੱਲੀ ਦੀ ਪਟੜੀ ‘ਤੇ
ਸੌਖਾ ਹੀ ਉੱਤਰ ਸਕਦਾ ਹੈ
ਪਰ ਹੁਣ –
ਜਾਣ ਨੂੰ ਮਨ ਜਿਹਾ ਹੀ ਨਹੀਂ ਮੰਨਦਾ
ਕਿਉਂਕਿ ਪਿਆਰੇ ਮੋਰ ਮੋਰਨੀ
ਘਰ ਦੇ ਬਨੇਰੇ ਤੋਂ
ਉਡਾਰੀ ਮਾਰ ਗਏ ਹਨ।
2 comments:
ਕੰਵਲ ਸਾਹਿਬ ਤੁਹਾਡੀ ਜਲਾਵਤਨੀ ਨੂੰ ਸਲਾਮ........
ਸੱਚਮੁਚ ਇਸ ਤਰਾਂ ਸੋਚਣ ਵਾਲੇ ਪਲ ਬੜੇ ਦੁਖਦਾਈ ਹੁੰਦੇ
ਹਨ ਕੰਵਲ ਜੀ।
Post a Comment