ਬੜੀ ਹੀ ਦੇਰ ਤੋਂ ਚਾਹਤ ਹੈ ਮੇਰੀ
ਸਰਿਸ਼ਟੀ ਨੂੰ ਮੈਂ ਇਕ ਦਿਨ ਸਮਝਣਾ ਹੈ।
ਮਗਰ ਇਸ ਤੋਂ ਮੈਂ ਪਹਿਲਾਂ ਆਪ ਨੂੰ ਹੀ
ਅਜੇ ਕੁਝ ਜਾਨਣਾ ਹੈ ਘੋਖਣਾ ਹੈ।
-----
ਮੈਂ ਆਪਣੇ ਆਪ ਤੋਂ ਵੱਖਰਾ ਨਹੀਂ ਹਾਂ
ਕਦੇ ਵੀ ਮੈਂ ਰਿਹਾ ਤਨਹਾ ਨਹੀਂ ਹਾਂ,
ਇਕੱਲੇਪਨ ਦਾ ਜੋ ਡਰ ਹੈ ਡਰਾਉਂਦਾ
ਅਜੇ ਮੈਂ ਨਾਲ਼ ਉਸ ਦੇ ਜੂਝਣਾ ਹੈ ।
-----
ਮੇਰੇ ਪੈਰਾਂ ਨੂੰ ਐਸਾ ਦੇ ਸਫ਼ਰ ਤੂੰ
ਜਿਦ੍ਹੇ ਵਿਚ ਮੁਸ਼ਕਿਲਾਂ ਤੇ ਖ਼ੌਫ਼ ਹੋਵੇ,
ਨਿਰੰਤਰ ਫੇਰ ਵੀ ਤੁਰਦਾ ਰਹਾਂਗਾ
ਮੈਂ ਅਪਣੇ ਹੌਸਲੇ ਨੂੰ ਪਰਖਣਾ ਹੈ।
-----
ਨਾ ਇਹਨੂੰ ਹੈ ਕਦੇ ਮਿਲ਼ਣਾ ਕੋਈ ਘਰ
ਇਹਦੀ ਕਿਸਮਤ ‘ਚ ਨੇ ਚੱਕਰ ਹੀ ਚੱਕਰ,
ਸਫ਼ਰ ਦਾ ਨ੍ਹੇਰ ਪੌਣਾਂ ਦੇ ਪਰਾਂ ਵਿਚ
ਇਹਨੇ ਦਰ ਦਰ ਹਮੇਸ਼ਾ ਭਟਕਣਾ ਹੈ।
-----
ਤੇਰੇ ਤਕਦੇ ਹੀ ਤਕਦੇ ਟੁਕੜਿਆਂ ਵਿਚ
ਬਿਖ਼ਰ ਜਾਣਾ ਹੈ ਏਦਾਂ ਰਸਤਿਆਂ ਵਿਚ,
ਇਕੱਠੇ ਕਰਕੇ ਵੀ ਜੁੜਨਾ ਨਹੀਂ ਹੈ
ਮੈਂ ਸ਼ੀਸ਼ਾ ਹਾਂ, ਕਦੇ ਤਾਂ ਤਿੜਕਣਾ ਹੈ।
No comments:
Post a Comment