ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, December 19, 2009

ਗਿਆਨ ਸਿੰਘ ਕੋਟਲੀ - ਨਜ਼ਮ

ਦੋਸਤੋ! 26 ਦਸੰਬਰ 2004 ਨੂੰ ਇੰਡੋਨੇਸ਼ੀਆ ਵਿਚ ਆਈ ਸੁਨਾਮੀ (ਸਮੁੰਦਰੀ ਭੁਚਾਲ ਕਾਰਨ ਉੱਠੀਆਂ ਛੱਲਾਂ) ਨੇ 11 ਦੇਸ਼ਾਂ ਵਿਚ ਅਤਿਅੰਤ ਭਿਆਨਕ ਤਬਾਹੀ ਮਚਾਈ ਸੀ ਤੇ ਲੱਖਾਂ ਜਾਨਾਂ ਇਸ ਦੇ ਕਹਿਰ ਦੀ ਭੇਟ ਚੜ੍ਹ ਗਈਆਂ ਸਨ। ਇਸ ਬਾਰੇ ਗਿਆਨ ਸਿੰਘ ਕੋਟਲੀ ਜੀ ਦੀ ਬਹੁਤ ਹੀ ਭਾਵਪੂਰਤ ਕਵਿਤਾ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਜਾ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ 'ਤਮੰਨਾ'

**********

ਸੁਨਾਮੀ ਦੀ ਯਾਦ - ਇਹ ਦਰਦ ਕਹਾਣੀ ਪਰਲੋ ਦੀ

ਨਜ਼ਮ

ਇਹ ਦਰਦ ਕਹਾਣੀ ਪਰਲੋ ਦੀ, ਇਸ ਦਾ ਪਾਰਾਵਾਰ ਨਹੀਂ ਹੈ

ਇਹ ਹੈ ਦੁੱਖੜਾ ਸ੍ਰਬਨਾਸ਼ ਦਾ, ਇਸ ਦਾ ਅੰਤ ਸ਼ੁਮਾਰ ਨਹੀਂ ਹੈ

ਏਸ ਅਫਾਤ ਦੇ ਵਹਿਣਾਂ ਅੰਦਰ, ਵਹਿ ਗਏ ਲੱਖਾਂ ਕੱਖਾਂ ਵਾਂਗੂੰ ,

ਵਹਿੰਦੀ ਵਗਦੀ ਏਸ ਤਬਾਹੀ, ਕੀਤਾ ਕੀ ਸੰਘਾਰ ਨਹੀਂ ਹੈ

-----

ਮੁਰਦੇਹਾਣੀ ਛਾਈ ਹਰ ਥਾਂ, ਸੋਗ ਦੀ ਘੋਰ ਵੀਰਾਨੀ ਅੰਦਰ,

ਕਿਹੜੇ ਥਾਂ ਦਾ ਮਲਬਾ ਜਿੱਥੇ, ਲੋਥਾਂ ਦੀ ਭਰਮਾਰ ਨਹੀਂ ਹੈ

ਵਹਿਣਾ ਵਾਂਗੂੰ ਵਹਿ ਗਏ ਸਾਰੇ, ਆਸ ਉਮੀਦਾਂ ਸੁੰਦਰ ਸੁਪਨੇ,

ਕਿਹੜਾ ਸੁਪਨਾ ਬਾਕੀ ਬਚਿਆ, ਰੋਂਦਾ ਜ਼ਾਰੋ-ਜ਼ਾਰ ਨਹੀਂ ਹੈ

-----

ਕਿਹੜੇ ਮਣਕੇ ਨਹੀਓਂ ਟੁੱਟੇ, ਕਿਹੜੇ ਮੋਤੀ ਨਹੀਓਂ ਬਿਖਰੇ,

ਕਿਹੜੀ ਮਾਲਾ ਨਹੀਓਂ ਟੁੱਟੀ, ਟੁੱਟਾ ਕਿਹੜਾ ਹਾਰ ਨਹੀਂ ਹੈ

ਉਮਰਾਂ ਜੇਡ ਲੰਮੇਰੇ ਸਦਮੇ, ਆਹਾਂ, ਢਾਹਾਂ, ਹੰਝੂ, ਹੌਅਕੇ,

ਕਿਸ ਦੇ ਸੀਨੇ ਖੁਭੀ ਏਥੇ, ਗ਼ਮ ਦੀ ਤਿੱਖੀ ਆਰ ਨਹੀਂ ਹੈ

-----

ਕਿਹੜਾ ਸਦਮਾ ਨਹੀਓਂ ਕਾਰੀ, ਕਿਹੜਾ ਦਰਦ ਅਪਾਰ ਨਹੀਂ ਹੈ,

ਕਿਸ ਦੀ ਸੋਗੀ ਸੋਚ ਤੇ ਏਥੇ, ਸਦੀਆਂ ਜਿੱਡਾ ਭਾਰ ਨਹੀਂ ਹੈ

ਕਦ ਤੱਕ ਵਹਿਣੇ ਸੋਗ ਦੇ ਹੰਝੂ, ਕਦ ਤੱਕ ਸੱਲਾਂ ਸੱਲਣਾ ਸੀਨਾ,

ਏਸ ਕਜ਼ਾ ਦੇ ਮੁੱਕਣ ਦਾ ਵੀ, ਕਿਧਰੇ ਕੋਈ ਆਸਾਰ ਨਹੀਂ ਹੈ

-----

ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨਾ ਆਇਆ ਰਾਮ,

ਕਹਿਰ ਸੁਨਾਮੀ ਏਥੇ ਕਰਨੋਂ, ਛੱਡਿਆ ਕੋਈ ਵਾਰ ਨਹੀਂ ਹੈ

ਸਾਂਭ ਸੁਆਰਨ ਬਚਦੇ ਤਿਣਕੇ, ਕਿੱਦਾਂ ਬਹੁੜੀ ਕੁੱਲ ਲੁਕਾਈ,

ਏਸ ਜਿਹਾ ਵੀ ਏਕੇ ਦਾ ਮੈਂ, ਤੱਕਿਆ ਚਮਤਕਾਰ ਨਹੀਂ ਹੈ


No comments: