ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, December 16, 2009

ਮੋਹਨ ਸਿੰਘ ਮੋਹਨ - ਗੀਤ

ਸਾਹਿਤਕ ਨਾਮ: ਮੋਹਨ ਸਿੰਘ ਮੋਹਨ

ਅਜੋਕਾ ਨਿਵਾਸ: 1980 ਤੋਂ ਸਰੀ, ਕੈਨੇਡਾ।

ਕਿਤਾਬਾਂ: ਤਿੰਨ ਕਾਵਿ-ਸੰਗ੍ਰਹਿ: ਸੁੱਕੇ ਸਾਗਰ, ਸੁਰਖ਼ ਰੌਸ਼ਨੀ ਅਤੇ ਚਿਣਗਾਂ ਪ੍ਰਕਾਸ਼ਿਤ ਹੋ ਚੁੱਕੇ ਹਨ।

ਇਨਾਮ-ਸਨਮਾਨ: 2007 ਚ ਵੈਨਕੂਵਰ ਦੇ ਮੇਅਰ ਵੱਲੋਂ ਕਲਚਰਲ ਹਾਰਮੋਨੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

-----

ਦੋਸਤੋ! ਕੁਝ ਦਿਨ ਪਹਿਲਾਂ ਡੈਡੀ ਜੀ ਬਾਦਲ ਸਾਹਿਬ ਨੇ ਸਰੀ, ਕੈਨੇਡਾ ਵਸਦੇ ਲੇਖਕ ਮੋਹਨ ਸਿੰਘ ਮੋਹਨ ਜੀ ਦੀ ਕਿਤਾਬ ਪੜ੍ਹਨ ਲਈ ਦਿੱਤੀ। ਮੋਹਨ ਜੀ ਨੇ ਮੁੱਖ ਤੌਰ ਤੇ ਹਾਸ-ਰਸ ਹੀ ਲਿਖਿਆ ਹੈ। ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਅੱਜ ਆਪਾਂ ਉਹਨਾਂ ਦੇ ਕਾਵਿ-ਸੰਗ੍ਰਹਿ ਚਿਣਗਾਂ ਚੋਂ ਉਹਨਾਂ ਦੀਆਂ ਕੁਝ ਖ਼ੂਬਸੂਰਤ ਗੀਤ ਸ਼ਾਮਿਲ ਕਰ ਰਹੇ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*********

ਗਰੀਕ ਦੇ ਸਮੁੰਦਰ

ਗੀਤ

(ਉਹਨਾਂ ਮਾਵਾਂ ਲਈ ਜਿਨ੍ਹਾਂ ਦੇ ਪੁੱਤਾਂ ਨੇ ਰੋਟੀ ਬਦਲੇ ਘਰ ਛੱਡਿਆ, ਸਮੁੰਦਰਾਂ, ਥਲ਼ਾਂ, ਚਾਨਣ ਤੇ ਹਨੇਰਿਆਂ ਵਿਚ ਗੁਆਚ ਗਏ)

ਮੁੜਿਆ ਨਹੀਂ ਘਰ ਪੁੱਤ ਵੇ ਲੋਕੋ, ਚੁਗ ਲਈ ਜਿੰਦ ਪਰਦੇਸਾਂ ਨੇ।

ਰੋਟੀ ਬਦਲੇ ਲਾਲ ਗੁਆਇਆ, ਮਾੜੀ ਕੀਤੀ ਲੇਖਾਂ ਨੇ।

-----

ਕਹਿਣ ਸਿਆਣੇ ਅੱਧੀ ਚੰਗੀ, ਗ਼ੈਰਾਂ ਦੀ ਇਸ ਪੂਰੀ ਤੋਂ,

ਰੁੱਖੀ ਮਿੱਸੀ ਘਰ ਦੀ ਚੰਗੀ, ਚੂਚਕ ਜਿਹਾਂ ਦੇ ਚੂਰੀ ਤੋਂ।

ਜੋ ਨਿੱਘ ਮਾਂ ਦੀ ਨਜ਼ਰਾਂ ਥੱਲੇ, ਨਹੀਂ ਦੇਣਾ ਭੂਰੇ ਵੇਸਾਂ ਨੇ...

ਰੋਟੀ ਬਦਲੇ ਲਾਲ ਗੁਆਇਆ, ਮਾੜੀ ਕੀਤੀ....

-----

ਪੁੱਤ ਸਾਹਮਣੇ ਮਾਂ ਦੇ ਹੋਵੇ, ਸੀਨੇ ਵਿਚ ਠੰਡ ਪੈਂਦੀ ਏ,

ਸੱਤ ਸਮੁੰਦਰੋਂ ਪਾਰ ਗਏ ਦੀ, ਤਾਂਘ ਹਮੇਸ਼ਾ ਰਹਿੰਦੀ ਏ।

ਪਾਈਆਂ ਚਿੱਠੀਆਂ ਸੱਲ ਗ਼ਮਾਂ ਦੇ, ਲਾਉਂਦੇ ਵੱਡੀਆਂ ਠੇਸਾਂ ਨੇ...

ਰੋਟੀ ਬਦਲੇ ਲਾਲ ਗੁਆਇਆ, ਮਾੜੀ ਕੀਤੀ....

-----

ਕੌਣ ਡੰਗੋਰੀ ਫੜੂ ਵੇ ਬੱਚਾ, ਕੀਹਨੇ ਦਰਦ ਵੰਡਾਉਣੇ ਨੇ,

ਦੁੱਖ ਪਹਾੜਾਂ ਜਿੱਡੇ ਪੁੱਤਰਾ, ਸਾਡੀ ਜਿੰਦ ਹੰਢਾਉਣੇ ਨੇ।

ਚਾੜ੍ਹ ਸਲੀਬਾਂ ਉੱਤੇ ਦਿੱਤਾ, ਇਸ ਕਿਸਮਤ ਦੀਆਂ ਰੇਖਾਂ ਨੇ...

ਰੋਟੀ ਬਦਲੇ ਲਾਲ ਗੁਆਇਆ, ਮਾੜੀ ਕੀਤੀ....

-----

ਉਹਦੇ ਹੀ ਇਹ ਮਾਲ ਖ਼ਜ਼ਾਨੇ, ਬੰਦਾ ਕਿਉਂ ਭੁੱਲ ਜਾਂਦਾ ਏ,

ਵੱਡੀ ਸਮਝੇ ਅਕਲ ਅਪਣੀ, ਤਾਂ ਹੀ ਚੱਕਰ ਖਾਂਦਾ ਏ।

ਮੋਹਨ ਕਰਮਾਂ ਮਾਰੇ ਤਾਈਂ, ਮਾਰਨ ਦੁੱਖ ਹਮੇਸ਼ਾਂ ਨੇ...

ਰੋਟੀ ਬਦਲੇ ਲਾਲ ਗੁਆਇਆ, ਮਾੜੀ ਕੀਤੀ....

=====

ਝੜੇ ਫੁੱਲ

ਗੀਤ

ਫੁੱਲ ਝੜ ਗਏ ਨੇ ਕੰਡੇ ਪੱਲੇ ਰਹਿ ਗਏ, ਵੇ ਬੂਟਿਆ ਗੁਲਾਬ ਵਾਲ਼ਿਆ ।

ਦੁੱਖ ਕੱਲਿਆਂ ਨੂੰ ਸਹਿਣੇ ਸਾਨੂੰ ਪੈ ਗਏ, ਵੇ ਬੂਟਿਆ ਗੁਲਾਬ ਵਾਲ਼ਿਆ ।

------

ਲੁਟਾਈਆਂ ਜਿਨ੍ਹਾਂ ਵਾਸਤੇ ਤੂੰ ਸਦਾ ਖ਼ੁਸ਼ਬੋਆਂ ਵੇ,

ਧੁਖ਼ਦਾ ਏ ਦਿਲ ਅੱਜ ਨਿਕਲ਼ੇ ਨਾ ਧੂੰਆਂ ਵੇ ।

ਤੋਪੇ ਟੁੱਟਿਆਂ ਦਿਲਾਂ ਨੂੰ ਲੌਣੇ ਪੈ ਗਏ, ਵੇ ਬੂਟਿਆ ਗੁਲਾਬ ਵਾਲ਼ਿਆ ।

ਦੁੱਖ ਕੱਲਿਆਂ ਨੂੰ ਸਹਿਣੇ ਸਾਨੂੰ ਪੈ ਗਏ, ਵੇ ਬੂਟਿਆ...

-----

ਤਿੱਖੀ ਸੂਈ ਵਿਨ੍ਹਿਆ ਤੇ ਚੋਭਾਂ ਵੀ ਸਹਾਰੀਆਂ,

ਸਿਹਰਿਆਂ ਦੇ ਵਿਚ ਨਾ ਜੁਆਨੀਆਂ ਸ਼ਿੰਗਾਰੀਆਂ ।

ਬੋਲ ਫੇਰ ਵੀ ਸ਼ਰੀਕਾਂ ਵਾਲ਼ੇ ਸਹਿਣੇ ਪੈ ਗਏ, ਵੇ ਬੂਟਿਆ ਗੁਲਾਬ ਵਾਲ਼ਿਆ ।

ਦੁੱਖ ਕੱਲਿਆਂ ਨੂੰ ਸਹਿਣੇ ਸਾਨੂੰ ਪੈ ਗਏ, ਵੇ ਬੂਟਿਆ...

-----

ਅੜਿਆ ਤੂੰ ਰੋਂਦਾ ਕਾਹਨੂੰ ਹੋ ਕੇ ਗੰਭੀਰ ਵੇ,

ਖ਼ੌਰੇ ਕਿਹੜੀ ਕਾਨੀ ਫੜ ਲਿਖੀ ਤਕ਼ਦੀਰ ਵੇ ।

ਕੀਤੇ ਰੱਬ ਨਾਲ਼ ਕੌਲ ਵੀ ਨਿਭਾਉਣੇ ਪੈ ਗਏ, ਵੇ ਬੂਟਿਆ ਗੁਲਾਬ ਵਾਲ਼ਿਆ ।

ਦੁੱਖ ਕੱਲਿਆਂ ਨੂੰ ਸਹਿਣੇ ਸਾਨੂੰ ਪੈ ਗਏ, ਵੇ ਬੂਟਿਆ...

-----

ਪੱਤਿਆਂ ਦੇ ਪਿੱਛੇ ਐਵੇਂ ਅੱਥਰੂ ਨਾ ਸੁੱਟ ਵੇ,

ਪੱਲੇ ਨਹੀਓਂ ਰਹਿੰਦਾ ਕੁਝ ਪੈਂਦੀ ਜਦੋਂ ਲੁੱਟ ਵੇ।

ਮੋਹਨ ਛੱਟਿਆ, ਛੱਜਾਂ ਦੇ ਵੱਸ ਪੈ ਗਏ, ਵੇ ਬੂਟਿਆ ਗੁਲਾਬ ਵਾਲ਼ਿਆ।

ਦੁੱਖ ਕੱਲਿਆਂ ਨੂੰ ਸਹਿਣੇ ਸਾਨੂੰ ਪੈ ਗਏ, ਵੇ ਬੂਟਿਆ...

1 comment:

ਦਰਸ਼ਨ ਦਰਵੇਸ਼ said...

Wah kamaal hai eh geet.........Darvesh