ਨਹੀਂ ਉਹ ਜਾਣਦੇ ਜਿਹੜੇ ਉਡੀਕਣ ਉਸ ਕਿਨਾਰੇ ‘ਤੇ।
ਸਫ਼ੀਨੇ ਡੁੱਬ ਚੁੱਕੇ ਨੇ ਮਲਾਹਾਂ ਦੇ ਇਸ਼ਾਰੇ ‘ਤੇ।
-----
ਘਟਾਵਾਂ ਮੈਲ਼ੀਆਂ ਅਰਸ਼ੀਂ ਭਰੋਸਾ ਕੀ ਸਮੁੰਦਰ ਦਾ,
ਉਧਾਰੇ ਕੱਖ ਪਾ ਬੈਠਾ ਹਾਂ ਮੈਂ ਕੁੱਲੀ ਕਿਨਾਰੇ ‘ਤੇ।
-----
ਵਧੀ ਨਾ ਲੋਅ ਹਨੇਰਾ ਹੋ ਗਿਆ ਉੱਚਾ ਉਹਦੇ ਹੇਠਾਂ,
ਉਠਾ ਕੇ ਫਰਸ਼ ਤੋਂ ਧਰਿਆ ਦੀ ਜੋ ਦੀਵਾ ਚੁਬਾਰੇ ‘ਤੇ।
-----
ਤਿਰੀ ਬੁੱਕਲ਼ ‘ਚ ਡਿੱਗਦਾ ਰਾਖ਼ ਹੋ ਬੈਠਾ ਹੈ ਉਹ ਪਾਗਲ,
ਨਜ਼ਰ ਇਕ ਸਰਸਰੀ ਮਾਰੀ ਸੀ ਤੂੰ ਜਿਹੜੇ ਸਿਤਾਰੇ ‘ਤੇ।
-----
ਤਿਰੇ ਵਾਅਦੇ ‘ਤੇ ਵੀ ਇੰਨਾ ਕਿਸੇ ਇਤਬਾਰ ਨਈਂ ਕਰਨਾ,
ਭਰੋਸਾ ‘ਕੰਗ’ ਨੇ ਕੀਤਾ ਹੈ ਜਿੰਨਾ ਤੇਰੇ ਲਾਰੇ ‘ਤੇ।
2 comments:
ਬਹੁਤ ਵਧੀਆ ਗ਼ਜ਼ਲ ਹੈ ਕੰਗ ਸਾਹਿਬ ਦੀ.. ਕੁਝ ਸ਼ਿਅਰ ਅਖਾਣ ਬਣਨ ਦੇ ਕਾਬਿਲ ਹਨ |
Harjinder Bai ji tuhadi gazal bahut hi pasand aai hea...aage ton vi udeek rahegi...
Post a Comment