ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, December 22, 2009

ਮੇਜਰ ਮਾਂਗਟ - ਗੀਤ

ਗੀਤ

ਮਿੱਟੀ ਦਿਆਂ ਬਾਵਿਆਂ ਦੀ ਪੁੱਛੂ ਕੀ ਉਹ ਸਾਰ,

ਸੰਗ ਸੋਨੇ ਦੇ ਰਕ਼ੀਬਾਂ ਜੀਹਦਾ ਵਾਹ ਪੈ ਗਿਆ।

ਦਿਲਾ! ਤੂੰ ਕਿੱਥੋਂ ਭਾਲ਼ਦਾ ਏਂ ਫੁੱਲਾਂ ਦੀ ਸੁਗੰਧ,

ਤੂੰ ਤਾਂ ਪੱਥਰਾਂ ਉਜਾੜਾਂ ਵਾਲ਼ੇ ਰਾਹ ਪੈ ਗਿਆ।

-----

ਮਿੱਤਰਾਂ ਪਿਆਰਿਆਂ ਨੂੰ ਤਰਸ ਨਾ ਆਇਆ ਕੋਈ।

ਲੋਹੇ ਦਾ ਜਗਤ ਸਾਰਾ ਬੰਦਾ ਨਾ ਥਿਆਇਆ ਕੋਈ।

ਮੋਮ ਦਿਲ ਫਸ ਗਿਆ ਅੱਗ ਦੀ ਲਪੇਟ ਵਿਚ,

ਸੇਕ ਨਾ ਪਿਘਲ਼ ਅੱਖਾਂ ਥਾਈਂ ਵਹਿ ਗਿਆ....

ਤੂੰ ਤਾਂ ਪੱਥਰਾਂ ਉਜਾੜਾਂ ਵਾਲ਼ੇ.....

-----

ਪੈਸੇ ਦੇ ਪੁਜਾਰੀਆ ਵੇ ਸਾਥੋਂ ਮੁੱਖ ਮੋੜਿਆ।

ਲਾਲਾਂ ਵਾਂਗੂੰ ਜਾਣ ਨਾਤਾ ਕੱਚ ਨਾਲ਼ ਜੋੜਿਆ।

ਹੀਰੇ ਦੀ ਚਮਕ ਵੇਖ ਸ਼ੀਸਾ ਕੌਣ ਲੋੜਦਾ ਏ,

ਮਨ ਤਾਂ ਵਿਚਾਰਾ ਟੋਟੇ-ਟੋਟੇ ਹੋ ਕੇ ਰਹਿ ਗਿਆ....

ਤੂੰ ਤਾਂ ਪੱਥਰਾਂ ਉਜਾੜਾਂ ਵਾਲ਼ੇ.....

-----

ਲੱਗੀਆਂ ਨਿਭਾਉਂਣ ਵਾਲ਼ਾ ਏਥੇ ਨਾ ਕੋਈ ਲੱਭਦਾ।

ਹੋਏ ਬਦਨਾਮ ਫਿਰੋ ਲਾਂਭਾ ਖੱਟ ਜੱਗ ਦਾ।

ਜਾ ਚਾਂਦੀ ਦਿਆਂ ਛਿੱਲੜਾਂ ਤੇ ਮਹਿਲ ਉਸਾਰ ਲਈਂ,

ਸਾਡਾ ਇਕ ਕੱਚਾ ਜਿਹਾ ਢਾਰਾ ਸੀ ਜੋ ਢਹਿ ਗਿਆ....

ਤੂੰ ਤਾਂ ਪੱਥਰਾਂ ਉਜਾੜਾਂ ਵਾਲ਼ੇ.....

-----

ਮਰ ਜਾਣਾ ਮਾਂਗਟ ਜਹਾਨ ਛੱਡ ਜਾਵੇਗਾ।

ਫੇਰ ਤੇਰੀ ਦੁਨੀਆਂ ਤੇ ਫੇਰਾ ਵੀ ਨਾ ਪਾਵੇਗਾ।

ਕਹਿ ਦਿਉ ਕੋਈ ਆਖ਼ਰੀ ਸਲਾਮ ਮੇਰੇ ਮੀਤ ਨੂੰ,

ਦੌਲਤਾਂ ਦੇ ਪਿੱਛੇ ਜੋ ਦਿਵਾਨਾ ਹੋ ਕੇ ਰਹਿ ਗਿਆ....

ਤੂੰ ਤਾਂ ਪੱਥਰਾਂ ਉਜਾੜਾਂ ਵਾਲ਼ੇ.....

1 comment:

ਦਰਸ਼ਨ ਦਰਵੇਸ਼ said...

bai jee pata ni kyon lagda hai ke tuhade eh sare shabad kite na kite mere kol kol ne ate dhoonga rishta hai ehnaan da mere naal.........Darvesh