ਖ਼ੂਬਸੂਰਤ ਮੋੜ ਲੰਘ ਕੇ ਹਾਦਸਾ ਕੀ ਹੋ ਗਿਆ।
ਗੁੰਮ ਗਈ ਉਹ ਚਾਨਣੇ ਵਿਚ ਨ੍ਹੇਰ ਵਿਚ ਮੈਂ ਖੋ ਗਿਆ।
-----
ਦਿਲ ਦੀ ਮਹਿਕੀ ਧਰਤ ਵਿਚੋਂ ਗ਼ਮ ਹੀ ਗ਼ਮ ਨੇ ਉੱਗ ਪਏ,
ਕੀ ਕਹਾਂ ਕਿ ਕੋਲ਼ ਬਹਿ ਕੇ ਕਿਸ ਤਰ੍ਹਾਂ ਉਹ ਰੋ ਗਿਆ।
-----
ਪਿਆਰ ਦੇ ਅੱਖਰ ਜੋ ਦਿਲ ‘ਤੇ ਸੀ ਲਿਖੇ ਉਮਰਾਂ ਗੁਆ,
ਬੇਰੁਖ਼ੀ ਦਾ ਹੜ੍ਹ ਕੀ ਆਇਆ ਸਾਰਾ ਕੁਝ ਹੀ ਧੋ ਗਿਆ।
------
ਨ੍ਹੇਰਿਆਂ ਵਿਚ ਭਟਕਦਾ ਜ਼ਖ਼ਮੀ ਮੇਰਾ ਅਹਿਸਾਸ ਹੈ,
ਨਾਲ਼ ਲੈ ਉਹ ਆਪਣੇ ਸਾਰੀ ਦੀ ਸਾਰੀ ਲੋ ਗਿਆ।
-----
ਮਹਿਕ ਦੀ ਇਕ ਵੀ ਘੜੀ ਨਾ ਉਸਦੇ ਘਰ ਹੋਈ ਨਸੀਬ,
ਜਿਸ ਦੇ ਦਰ ‘ਤੇ ਮੈਂ ਸਦਾ ਹੀ ਲੈ ਕੇ ਹਾਂ ਖ਼ੁਸ਼ਬੋ ਗਿਆ।
No comments:
Post a Comment