ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, December 17, 2009

ਸੁਰਿੰਦਰ ਸੋਹਲ - ਗ਼ਜ਼ਲ

ਦੋਸਤੋ! ਕੱਲ੍ਹ ਆਰਸੀ ਸੁਰ-ਸਾਜ਼ ਤੇ ਆਪਾਂ ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਸਾਹਿਬ ਦੀ, ਪੰਮੀ ਹੰਸਪਾਲ ਜੀ ਦੀ ਆਵਾਜ਼ ਚ ਗਾਈ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਸੀ। ਇਸ ਗ਼ਜ਼ਲ ਨੂੰ ਸੁਣ ਕੇ ਯੂ.ਕੇ. ਵਸਦੇ ਲੇਖਕ ਸੰਤੋਖ ਧਾਲੀਵਾਲ ਜੀ ਨੇ ਮੈਨੂੰ ਤਿੰਨ-ਚਾਰ ਈਮੇਲਾਂ ਕੀਤੀਆਂ। ਉਹਨੇ ਗ਼ਜ਼ਲ ਨੂੰ ਵਾਰ-ਵਾਰ ਸੁਣਿਆ ਤੇ ਬਹੁਤ ਜ਼ਿਆਦਾ ਭਾਵੁਕ ਹੋ ਗਏ। ਮੈਂ ਸ਼ੁਕਰਗੁਜ਼ਾਰ ਹਾਂ ਕਿ ਆਰਸੀ ਦੀ ਇਹ ਕੋਸ਼ਿਸ਼ ਚੰਗਾ ਸੁਣਨ ਵਾਲ਼ਿਆਂ ਵੱਲੋਂ ਸਰਾਹੀ ਜਾ ਰਹੀ ਹੈ, ਨਹੀਂ ਤਾਂ ਗਾਇਕੀ ਦਾ ਜੋ ਹਾਲ ਹੈ, ਉਹ ਤਾਂ ਆਪਾਂ ਨੂੰ ਪਤਾ ਹੀ ਹੈ। ਮਾੜਾ ਲਿਖਣ ਵਾਲ਼ਿਆਂ ਨੂੰ ਇਸ ਵਿਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ। ਮੈਂ ਧਾਲੀਵਾਲ ਸਾਹਿਬ ਨਾਲ਼ ਵਾਅਦਾ ਕੀਤਾ ਸੀ ਕਿ ਪੂਰੀ ਗ਼ਜ਼ਲ ਅੱਜ ਆਰਸੀ ਤੇ ਪੋਸਟ ਕਰੂੰਗੀ। ਸੋਹਲ ਸਾਹਿਬ ਨੂੰ ਕਰੁਣਾ-ਰਸ ਨਾਲ਼ ਸ਼ਿੰਗਾਰੀ ਏਨੀ ਖ਼ੂਬਸੂਰਤ ਗ਼ਜ਼ਲ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਨਾਲ਼ ਹੀ ਹੰਸਪਾਲ ਜੀ ਨੂੰ ਇਸ ਗ਼ਜ਼ਲ ਨੂੰ ਆਪਣੀ ਖ਼ੂਬਸੂਰਤ ਆਵਾਜ਼ ਦੇਣ ਲਈ ਵੀ ਬਹੁਤ-ਬਹੁਤ ਵਧਾਈ। ਇਹ ਗ਼ਜ਼ਲ ਉਹਨਾਂ ਦੇ 2002 ਚ ਕੁਕਨੂਸ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਖੰਡਰ, ਖ਼ਾਮੋਸ਼ੀ ਤੇ ਰਾਤ ਵਿਚੋਂ ਲਈ ਗਈ ਹੈ।

ਅਦਬ ਸਹਿਤ

ਤਨਦੀਪ ਤਮੰਨਾ

********

ਜਨਾਬ ਸੰਤੋਖ ਧਾਲੀਵਾਲ ਜੀ ਦੇ ਨਾਂ....

ਗ਼ਜ਼ਲ

ਧੁੱਪ ਚ ਸੜਦੇ ਨੂੰ ਜਦੋਂ ਅੱਜ ਛਾਂ ਮਿਲ਼ੀ, ਮੈਂ ਰੋ ਪਿਆ।

ਬਾਅਦ ਮੁੱਦਤ ਦੇ ਸੀ ਮੈਨੂੰ ਮਾਂ ਮਿਲ਼ੀ, ਮੈਂ ਰੋ ਪਿਆ।

-----

ਓਹੀ ਗਲਵੱਕੜੀ ਦੀ ਖ਼ੁਸ਼ਬੂ, ਓਹੀ ਤ੍ਰਿਪਤਾ ਦੀ ਝਲਕ,

ਰੋਣ ਨੂੰ ਸੀ ਜਦ ਮੁਨਾਸਿਬ ਥਾਂ ਮਿਲ਼ੀ, ਮੈਂ ਰੋ ਪਿਆ।

-----

ਪੀਂਘ ਸੰਧੂਰੀ ਉਦ੍ਹੇ ਵਾਲ਼ਾਂ ਚ ਨਾ ਆਈ ਨਜ਼ਰ,

ਉਸ ਦੀਆਂ ਬਾਹਾਂ ਚ ਛਣ-ਛਣ ਨਾ ਮਿਲ਼ੀ, ਮੈਂ ਰੋ ਪਿਆ।

-----

ਸੀ ਉਦ੍ਹੇ ਨੈਣਾਂ ਚ ਚਿੰਤਾ, ਝੋਰਿਆਂ ਦਾ ਮੋਤੀਆ,

ਉਸ ਦੇ ਮੁਖ ਤੇ ਸਦਮਿਆਂ ਦੀ ਛਾਂ ਮਿਲ਼ੀ, ਮੈਂ ਰੋ ਪਿਆ।

-----

ਜੋ ਕਦੇ ਮੁਸਕਾਨ ਦੇ ਫੁੱਲਾਂ ਦੀ ਵਾਦੀ ਵਾਂਗ ਸਨ,

ਹੁਣ ਉਨ੍ਹਾਂ ਬੁੱਲ੍ਹਾਂ ਤੇ ਜਦ ਚੁਪ-ਚਾਂ ਮਿਲ਼ੀ, ਮੈਂ ਰੋ ਪਿਆ।

-----

ਹੁਣ ਨਹੀਂ ਬਚਦਾ, ਸਮਝਕੇ, ਹਸ ਪਿਆ ਕਰਮਾਂ ਤੇ ਮੈਂ,

ਡੁਬ ਰਹੇ ਨੂੰ ਆਸਰੇ ਦੀ ਬਾਂਹ ਮਿਲ਼ੀ, ਮੈਂ ਰੋ ਪਿਆ।

-----

ਭੋਗਦਾ ਬੇਗਾਨਗੀ ਪੱਥਰ ਜਿਹਾ ਸਾਂ ਹੋ ਗਿਆ,

ਅਜਨਬੀ ਰਾਹਾਂ ਚ ਮੇਰੀ ਮਾਂ ਮਿਲ਼ੀ, ਮੈਂ ਰੋ ਪਿਆ।

******

ਤ੍ਰਿਪਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ।


1 comment:

Unknown said...

ਓਹੀ ਗਲਵੱਕੜੀ ਦੀ ਖ਼ੁਸ਼ਬੂ, ਓਹੀ ‘ਤ੍ਰਿਪਤਾ’ ਦੀ ਝਲਕ,
ਰੋਣ ਨੂੰ ਸੀ ਜਦ ਮੁਨਾਸਿਬ ਥਾਂ ਮਿਲ਼ੀ, ਮੈਂ ਰੋ ਪਿਆ।

ਸ਼ਾਇਦ ਹੀ ਇਸ ਧਰਤੀ ਤੇ ਰੋਣ ਲਈ ਮਾਂ ਦੀ ਗੋਦ ਜਾਂ ਬਾਹਾਂ ਨਾਲੋਂ ਕੋਈ ਹੋਰ ਥਾਂ ਵੱਧ ਮੁਨਾਸਿਬ ਹੋਵੇ.ਪਿਆਰ ਤੇ ਭਾਵਿਕਤਾ ਦੇ ਇਸ ਸ਼ੁਧ ਦ੍ਰਿਸ਼ ਨੂੰ ਚਿਤ੍ਰ ਕੇ ਕੋਈ ਕਲਾਕਾਰ ਅਮਰ ਹੋ ਸਕਦਾ ਹੈ.