ਅਦਬ ਸਹਿਤ
ਤਨਦੀਪ ‘ਤਮੰਨਾ’
*******
ਪਰਦੇਸੀ
ਨਜ਼ਮ
ਹਰ ਪਗਡੰਡੀ ‘ਤੇ
ਦੀਵਾ ਬਾਲ਼ ਉਸ ਧਰਿਆ ਹੈ
ਦੇਸੋਂ ਆਉਂਦਾ ਹਰ ਰਿਸ਼ਤਾ ਹੀ ਠਰਿਆ ਹੈ
..............
ਸੜਕਾਂ ‘ਤੇ ਤੁਰਦਾ ਸੜਕ ਹੋ ਗਿਐ
ਅਣਪਛਾਤੀ ਭੀੜ ਦੀ ਉਜਾੜ ‘ਚ
ਠਠੰਬਰਿਆ ਉਹ ਖੜ੍ਹਿਆ ਹੈ!
................
ਉਂਝ ਤਾਂ ਡੁੱਲ੍ਹ ਗਿਐ
ਆਪਣਿਆਂ ਦੇ ਚੇਤਿਆਂ ‘ਚੋਂ ਵੀ ਹੁਣ ਤਾਂ
ਪਰ ਸੁਹਣੇ ਫਰੇਮ ‘ਚ ਜੜੀ
ਤਸਵੀਰ ਬਣਕੇ
ਉਹਨਾਂ ਦੀ ਕੰਧਾਂ ‘ਤੇ ਅਜੇ ਲਟਕ ਰਿਹੈ!
.............
ਜਦ ਕਦੇ ਵੀ ਹਵਾ ‘ਚੋਂ
ਆਪਣਿਆਂ ਦੇ ਬੋਲ ਉਹ ਸੁਣਦੈ
ਇਕੋ ਮਜ਼ਮੂਨ ਉਸ ਪੜ੍ਹਿਐ –
ਟਾਹਲੀ ਵਾਲ਼ੇ ਖੂਹ ਦੀ ਕੀਮਤ
ਬਾਪੂ ਦੀ ਪੱਗ
ਛੋਟੇ ਦੀ ਮਾਰੂਤੀ
ਭੈਣ ਦੇ ਸਹੁਰਿਆਂ ਦਾ ਅੱਡਿਆ ਮੂੰਹ...
ਮੈਕਸੀਕੋ ‘ਚ ਬੈਠੇ
ਰਿਸ਼ਤੇਦਾਰਾਂ ਦੇ ਮੁੰਡੇ ਦੇ
ਅਮਰੀਕਾ ਆਉਣ ਦੇ ਸੁਪਨੇ
ਹਰ ਰਿਸ਼ਤਾ ਹੀ ਪੂੰਜੀ ਮੰਗ ਰਿਹੈ
ਤੇ ਉਹ ਪੂੰਜੀ ਦਾ ਚਿੰਨ੍ਹ ਬਣ
ਇਕ ‘ਜੌਬ ਤੋਂ ਦੂਜੀ ਜੌਬ’ ਤੱਕ
ਭਟਕ ਰਿਹੈ
...............
ਪੂੰਜੀ ਦੀ ਸੂਲ਼ੀ ‘ਤੇ
ਉਹ ਲਟਕ ਰਿਹੈ!!
1 comment:
surjit ji di bahut hi baavaatmik nazm;parmaatmaa agge ardaas ki aap nu chhetii shifaa bakhshe
Post a Comment