ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, January 31, 2010

ਗੁਰਚਰਨ ਰਾਮਪੁਰੀ - 81ਵੇਂ ਜਨਮ ਦਿਨ 'ਤੇ ਵਿਸ਼ੇਸ਼ - ਦੋਹੇ

ਦੋਸਤੋ! ਕੋਕਿਟਲਮ, ਬੀ.ਸੀ. ਵਸਦੇ ਪ੍ਰਸਿੱਧ ਲੇਖਕ ਸਤਿਕਾਰਤ ਗੁਰਚਰਨ ਰਾਮਪੁਰੀ ਜੀ 81 ਵਰ੍ਹਿਆਂ ਦੇ ਹੋ ਗਏ ਹਨ। ਉਹਨਾਂ ਨੂੰ ਸਾਹਿਤ ਸਭਾ, ਪਿੰਡ ਰਾਮਪੁਰ ਦੇ ਮੋਢੀ ਮੈਂਬਰ ਹੋਣ ਦਾ ਮਾਣ ਹਾਸਲ ਹੈ। ਉਹਨਾਂ ਦੇ ਜਨਮ ਦਿਨ ਤੇ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਉਹ ਤਬੀਅਤ ਨਾਸਾਜ਼ ਹੋਣ ਕਰਕੇ ਕੁਝ ਚਿਰ ਤੋਂ ਹਸਪਤਾਲ ਚ ਜ਼ੇਰੇ-ਇਲਾਜ ਨੇ, ਪਰ ਹੁਣ ਹੌਲ਼ੀ-ਹੌਲ਼ੀ ਉਹਨਾਂ ਦੀ ਸਿਹਤ ਚ ਸੁਧਾਰ ਹੋ ਰਿਹਾ ਹੈ।

-----

ਅੱਜ ਉਹਨਾਂ ਨੇ ਫ਼ੋਨ ਕਰਕੇ ਆਰਸੀ ਲਈ ਆਸ਼ੀਰਵਾਦ ਭੇਜਿਆ ਹੈ, ਮੈਂ ਰਾਮਪੁਰੀ ਸਾਹਿਬ ਦੀ ਤਹਿ-ਦਿਲੋਂ ਧੰਨਵਾਦੀ ਹਾਂ। ਅਸੀਂ ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਸਿਹਤਯਾਬੀ ਲਈ ਦੁਆ ਕਰਦੇ ਹੋਏ, ਉਹਨਾਂ ਦੁਆਰਾ ਰਚਿਤ ਬੇਹੱਦ ਖ਼ੂਬਸੂਰਤ 18 ਦੋਹਿਆਂ ਨਾਲ਼ ਜਨਮ-ਦਿਨ ਦੀਆਂ ਮੁਬਾਰਕਾਂ ਦੇ ਰਹੇ ਹਾਂ....ਆਮੀਨ! ਅਠਾਰਾਂ ਦੋਹੇ ਹੀ ਕਿਉਂ, ਇਸਦਾ ਜਵਾਬ ਤੁਹਾਨੂੰ ਆਰਸੀ ਛਿਲਤਰਾਂ ਸਰਗੋਸ਼ੀਆਂ ਤੇ ਮਿਲ਼ੇਗਾ, ਉੱਥੇ ਵੀ ਫੇਰੀ ਜ਼ਰੂਰ ਪਾਓ ਜੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਦੋਹੇ

ਅਣਵੰਡਿਆ ਬ੍ਰਹਿਮੰਡ ਹੈ ਧਰਤੀ ਲੀਕ ਨਾ ਮਾਰ।

ਪਹਿਲਾਂ ਰੱਖ ਦਰਵਾਜੜਾ ਜੇ ਪਾਵੇਂ ਦੀਵਾਰ।

=====

ਟੀਚੇ ਤੇ ਪਹੁੰਚਣ ਲਈ ਭੀੜ ਸਦਾ ਨਾ ਭਾਲ਼।

ਚਾਰ ਸਿਆਣੇ ਬਹੁਤ ਨੇ ਬੈਠ ਉਨ੍ਹਾਂ ਦੇ ਨਾਲ਼।

=====

ਸੁਣ ਸਭ ਨੂੰ ਆਦਰ ਸਹਿਤ ਛਾਣ ਅਸੂਲ ਤੇ ਕੂੜ।

ਇੱਕੋ ਕਿੱਲੇ ਸਦਾ ਲਈ ਸੋਚ ਕਦੇ ਨਾ ਨੂੜ।

=====

ਸਦੀਆਂ ਸੁੱਤੇ ਕਣਾਂ ਨੂੰ ਇੱਕ ਪਲ ਦੇਂਦਾ ਛੇੜ।

ਕੋਮਲ ਤੂਈ ਰੇਸ਼ਮੀ ਪਰਬਤ ਪਈ ਤਰੇੜ।

=====

ਗਿਆਨੀ ਦਾਅਵੇ ਨਾ ਕਰੇ, ਗਿਆਨੀ ਸਦ ਨਿਰਮਾਣ।

ਮੈਂ ਸਭ ਕੁਝ ਹਾਂ ਜਾਣਦਾ ਕਹੇ ਸਿਰਫ਼ ਅਨਜਾਣ।

=====

ਗਿਆਨੀ ਸਰਲ ਸੁਣਾਉਂਦਾ, ਸਿੱਧੜ ਔਖੇ ਬੋਲ।

ਕਿਉਂ ਤਾਣੀ ਉਲ਼ਝਾ ਰਿਹਾ, ਸ਼ਬਦੀਂ ਗੰਢਾਂ ਖੋਲ੍ਹ।

=====

ਜਿਸ ਆਗੂ ਨੂੰ ਆਪ ਨਹੀਂ ਮੰਜ਼ਿਲ ਬਾਰੇ ਗਿਆਨ।

ਉਸ ਅੰਨ੍ਹੇ ਤੋਂ ਦੂਰ ਹੀ ਰਹਿੰਦੇ ਚਤਰ ਸੁਜਾਨ।

=====

ਕਥਨ ਪਰਾਈ ਰੌਸ਼ਨੀ ਥੋੜਾ ਸਕੀ ਸੁਆਰ।

ਰਾਹ ਉਦੋਂ ਹੀ ਲੱਭਿਆ ਜਦ ਰਿਦੇ ਪਈ ਲਿਸ਼ਕਾਰ।

=====

ਗੀਤ ਗਿਆਨ ਗ੍ਰੰਥ ਪੜ੍ਹ ਗੁੜ੍ਹ ਕੇ ਮੱਥਾ ਟੇਕ।

ਅੰਧ ਵਿਸ਼ਵਾਸੋਂ ਸੌ ਗੁਣਾ ਚੰਗਾ ਹਈ ਵਿਵੇਕ।

=====

ਅੰਤਕਰਨ ਜੋ ਬੋਲਦਾ ਉਸ ਤੇ ਜੋੜ ਧਿਆਨ।

ਪਿੱਛੋਂ ਪੜ੍ਹ ਕੀ ਆਖਦੇ ਵੇਦ ਗ੍ਰੰਥ ਕ਼ੁਰਾਨ।

=====

ਕਿੰਨਾ ਕੁੱਝ ਤੂੰ ਪੜ੍ਹ ਲਿਆ, ਹੈਂ ਡਾਢਾ ਗੁਣਵਾਨ।

ਅੰਦਰ ਝਾਤੀ ਮਾਰ ਹੁਣ ਹੋਵੇ ਅਸਲ ਗਿਆਨ।

=====

ਗਿਆਨ ਚੰਗੇਰਾ ਰਟਨ ਤੋਂ ਹੋਏ ਇਕਾਗਰ ਚਿੱਤ।

ਕਾਰਜ ਕਰ ਇੱਛਾ ਬਿਨਾਂ ਸ਼ਾਂਤ ਰਹੇਗਾ ਚਿੱਤ।

=====

ਜੇ ਵਰਤੋ ਖੁੰਢੀ ਹੋਈ ਕੈਂਚੀ ਕਰਦ ਕਟਾਰ।

ਵਰਤੋ, ਤਿੱਖੀ ਹੋਏਗੀ ਗਿਆਨ ਹੈ ਉਹ ਤਲਵਾਰ।

=====

ਸੋਚ ਸਿਆਣਪ ਜੋ ਕਹੇ ਧਰ ਤੂੰ ਉਸ ਤੇ ਕੰਨ।

ਭੀੜ ਜੋ ਉੱਚੀ ਬੋਲਦੀ, ਛਾਣ ਪਰਖ ਹੀ ਮੰਨ।

=====

ਤਿਣਕੇ ਸਾਂਭ ਗਿਆਨ ਦੇ ਕਰ ਝੋਲ਼ੀ ਭਰਪੂਰ।

ਚਮਕੇ ਤੇਰੇ ਆਲ੍ਹਣੇ ਮੱਸਿਆ ਨੂੰ ਵੀ ਨੂਰ।

=====

ਸੂਰਜ ਡੁੱਬੇ ਸ਼ਾਮ ਨੂੰ ਚੜ੍ਹਨ ਸਿਤਾਰੇ ਚੰਦ।

ਨੂਰ ਗਿਆਨ ਦਾ ਸਿਮਰ ਤੂੰ ਅਮਲ ਚ ਹੈ ਆਨੰਦ।

=====

ਦਾਅਵਾ ਹੈ ਪੈਗ਼ਾਮ ਦਾ, ਗ਼ਰਜ਼ ਬਣੀ ਇਲਹਾਮ।

ਘੜ ਕੇ ਆਪ ਕਹਾਣੀਆਂ, ਬਣਿਆ ਫਿਰੇ ਇਮਾਮ।

=====

ਧੂਤੂ-ਬਾਂਗਾਂ ਸੈਂਕੜੇ, ਦੇਖ ਧਰਮ ਦੇ ਟ੍ਹੌਰ।

ਰੌਲ਼ੇ ਦੇ ਹੜ੍ਹ ਡੁੱਬਿਆ, ਮੇਰਾ ਸ਼ਹਿਰ ਲਹੌਰ।

No comments: