ਨਜ਼ਮ
ਮੇਰਾ ਕੋਈ ਕਾਦਰਯਾਰ ਨਹੀਂ
ਮੈਂ ਤੇ ਆਪੇ ਹੀ ਪੂਰਨ ਹਾਂ
ਆਪੇ ਹੀ ਭਗਤ ਹਾਂ।
.............
ਲੂਣਾ ਨੇ ਸੱਦਿਆ ਸੀ, ਮੈਂ ਗਿਆ ਨਹੀਂ
ਇਹ ਜਾਣਦਿਆਂ ਵੀ, ਕਿ
ਲੂਣਾ ਦੇ ਪਾਸ ਜਾਏ ਬਿਨਾ ਕ੍ਰਿਸ਼ਮਾ ਨਹੀਂ ਹੋਣਾ
ਚਲਿਆ ਜਾਂਦਾ ਤਾਂ ਕ੍ਰਿਸ਼ਮਾ ਹੋ ਜਾਣਾ ਸੀ।
................
ਗੌਣ ਸੁਣਨ ਦੇ ਸ਼ੁਕੀਨਾਂ ਨੇ
ਮੇਰੇ ਬੁੱਲ੍ਹਾਂ ਨੂੰ ਬਾਂਸਰੀ ਲਾ ਦਿੱਤੀ
ਆਪੇ ਹੀ ਵਜਾ ਰਿਹਾ ,ਤੇ
ਆਪੇ ਹੀ ਸੁਣ ਰਿਹਾ ਹਾਂ।
.................
ਲੰਘਣ ਲੱਗੇ ਇਕ ਮੁਸਕਾਨ
ਜ਼ਰੂਰ ਦੇ ਜਾਣਾ।
ਤ੍ਰਿਸਕਾਰ ਦੀ ਨਦੀ ਪਾਰ ਕਰਦੇ ਸਮੇਂ
ਓਥੇ ਹੀ ਛੱਡ ਆਉਣਾ।
............
ਆਪਾਂ ਕਦੇ ਵੀ ਨਾ ਮਿਲਣ ਦਾ
ਨਾ ਵਿਛੜਨ ਦਾ, ਕੋਈ ਵੀ ਇਕਰਾਰ ਨਹੀਂ ਕੀਤਾ।
ਫਿਰ ਪਾਬੰਦ ਕਰਦੇ ਹਾਂ?
................
ਨਦੀ ਨੇ ਸਾਨੂੰ ਕੀ ਡੋਬਣਾ ਸੀ
ਸਾਨੂੰ ਤਰਨਾ ਹੀ ਨਹੀਂ ਆਇਆ।
ਤਰ ਸਕਦੇ ਤਾਂ ਆਪਾਂ ਵੀ
ਪਾਰਲੇ ਕਿਨਾਰੇ ਹੁੰਦੇ
ਤੇ ਸਾਡਾ ਵੀ ਕੋਈ ਕਾਦਰਯਾਰ ਹੁੰਦਾ
ਜੋ ਸਾਡੀ ਗਾਥਾ ਲਿਖਦਾ।
No comments:
Post a Comment