ਨਜ਼ਮ
ਕੰਨ ਖੜ੍ਹੇ ਹੋ ਜਾਂਦੇ ਹਨ
ਤੀਬਰ ਅਹਿਸਾਸ ਹੇਠ
ਨੀਝ ਲਾਇਆਂ ਵੀ ਕੋਈ ਚਿਹਰਾ
ਵਿਖਾਈ ਨਹੀਂ ਦਿੰਦਾ
ਆਵਾਜ਼ ਨਹੀਂ ਸੁਣਦੀ
ਵਰ੍ਹਿਆਂ ਦੀ ਧੂੜ ਹੇਠ
ਮੰਤਵ, ਦਿਸ਼ਾ, ਅਰਥ, ਸਭ
ਦਬ ਜਾਂਦੇ ਹਨ
ਸਮੇਂ ਤੇ ਸਫ਼ਰ ਦੀਆਂ ਖਿੱਚਾਂ ਵਿੱਚ
ਚਿਹਰਾ ਤੇ ਨਕਸ਼
ਝੁਰੜੀ, ਝੁਰੜੀ ਹੋਏ
ਫਟ ਜਾਂਦੇ ਹਨ
................
ਇਕ ਖ਼ਲਾਅ ਜਿਹੀ ਵਿਚ
ਮੇਰਾ ਅੰਧਲਾਪਨ
ਆਪਣੇ ਆਪ ਦੇ ਨਾਲ਼
ਟੱਕਰਾਂ ਮਾਰਦਾ, ਵੇਖਦਾ ਹੈ:
ਪਹਾੜ ਡਿੱਗ ਪਿਆ ਹੈ
ਦਰਿਆ ਰੁੱਕ ਗਿਆ ਹੈ
ਸਾਗਰ ਸੁੱਕ ਗਿਆ ਹੈ
ਅੰਬਰ ਝੁੱਕ ਗਿਆ ਹੈ
ਏਸ ਵਰੇਸੇ ਹੀ ਕਈ ਵਾਰ
ਯਾਦ ਕੀਤਿਆਂ ਵੀ
ਆਪਣਾ ਨਾਮ,
ਪਤਾ ਤੇ ਫੋਨ ਨੰਬਰ
ਯਾਦ ਨਹੀਂ ਆਉਂਦੇ
ਛਿਣ ਦੀ ਛਿਣ, ਬੰਦਾ
ਤੇ ਉਸਦਾ
ਹਰ ਨਵਾਂ ਵਰ੍ਹਾ,
ਹਵਾ ਵਿੱਚ ਹਵਾ ਹੋ ਜਾਂਦਾ ਹੈ!
ਆਪਣੇ ਆਪ ਅੰਦਰ,
ਲਾ-ਪਤਾ ਹੋ,
ਖੜੋ ਜਾਂਦਾ ਹੈ!!!
*********
ਯਾਦਾਂ ਦੀ ਐਲਬਮ: ਦੋਸਤੋ! ਰਵੀ ਸਾਹਿਬ ਨੇ ਆਪਣੀ ਯਾਦਾਂ ਦੀ ਐ਼ਬਮ ‘ਚੋਂ ਦੋ ਖ਼ੂਬਸੂਰਤ ਫੋਟੋਆਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਭੇਜੀਆਂ ਹਨ, ਜੋ ਨਵੇਂ ਸਾਲ ਦਾ ਨਾਯਾਬ ਤੋਹਫ਼ਾ ਹਨ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਪਹਿਲੀ ਫੋਟੋ: ਅੰਮ੍ਰਿਤਾ ਪ੍ਰੀਤਮ ਅਤੇ ਇਮਰੋਜ਼ – 1969, ਅਤੇ ਦੂਜੀ ਫੋਟੋ: ਪ੍ਰੋ: ਮੋਹਨ ਸਿੰਘ ਆਪਣੀ ਸੁਪਤਨੀ ਸ਼੍ਰੀਮਤੀ ਸੁਰਜੀਤ ਕੌਰ ਨਾਲ਼ – 1969.
No comments:
Post a Comment