ਇਨਸਾਫ਼
ਨਜ਼ਮ
‘ਨਿਵਣ ਸੁ ਅੱਖਰ
ਖਵਣ ਗੁਣ
ਜਿਹਬਾ ਮਣੀਆਂ ਮੰਤ
ਏ ਤ੍ਰੈ ਭੈਣੇ ਵੇਸ ਕਰ
ਤਾਂ ਵਸ ਆਵੀ ਕੰਤ
ਉਸ ਤ੍ਰੈ ਵੇਸ ਧਾਰੇ’
.............
ਕੰਤ ਗਰਜਿਆ ਵਾਂਗ ਦਰਿੰਦੇ
ਡੀਕ ਗਿਆ ਸਾਰਾ ਲਹੂ
ਤ੍ਰੈ ਵੇਸ ਕੰਬੇ
ਸਿਸਕੇ ਛਟਪਟਾਏ.............
ਕਾਸ਼! ਇਹ ਮੰਤਰ
ਦੋਹਾਂ ਲਈ ਹੁੰਦਾ!
====
ਸੂਰਜ ਨੂੰ ਕਹੋ
ਨਜ਼ਮ
ਆ ਰਹੀ ਹੈ ਪਤਝੜ੍ਹ
ਇਸ ਸਾਲ ਵੀ
ਝਰ ਰਹੀ ਹੈ ਬਹਾਰ
ਡੁੱਲ੍ਹ ਰਹੇ ਨੇ ਰੰਗ
ਭਰ ਗਈ ਹੈ ਧਰਤੀ
ਫੁੱਲਾਂ ਪੱਤੀਆਂ ਦੇ ਰੰਗਾਂ ਸੰਗ
ਸੂਰਜ ਨੂੰ ਕਹੋ
ਭਰ ਦੇਵੇ
ਰੌਸ਼ਨੀ ਦੇ ਰੰਗ
ਜ਼ਿੰਦਗੀ ਪਤਝੜ੍ਹ ਹੋ ਰਹੀ
====
ਸਿਰਨਾਵਾਂ
ਨਜ਼ਮ
ਪੁੱਛਦਾ ਹੈ ਘਰ
ਤੇਰਾ ਘਰ ਕਿੱਥੇ ਹੈ ?
ਦੱਸਦੀ ਹਾਂ ਮੈ
ਮੇਰਾ ਘਰ
ਫੈਲਿਆ ਹੈ
ਸੜਕਾਂ
ਅੰਬਰਾਂ
ਦਰਿਆਵਾਂ ਤੱਕ
ਤੇ ਬਣ ਗਿਆ ਹੈ ਖ਼ੁਦ
ਇੱਕ ਐਸਾ ਸਿਰਨਾਵਾਂ
ਜਿੱਥੇ ਬਸ ਸੋਚ ਜਾਗਦੀ ਹੈ
ਜਿੱਥੇ ਬਸ ਅਹਿਸਾਸ ਜਿਉਂਦਾ ਹੈ।
=====
ਲੋੜ
ਨਜ਼ਮ
ਦੂਰੀ ਏਨੀ
ਜਾਣ ਦਾ ਅਹਿਸਾਸ
ਬੁਣਦਾ ਰਿਹਾ
ਨੇੜਤਾ ਏਨੀ
ਦਿਲ ਦੀ ਧੜਕਣ ਦਾ
ਹਰ ਸਾਹ ਬੁਣਦਾ ਰਿਹਾ
ਨਾ ਬਣਿਆ ਕੋਈ
ਕਿਸੇ ਦਾ ਮੀਤ
ਹੋਠਾਂ 'ਚ ਹੀ ਬਸ
ਰਿਹਾ ਸੁਲਗਦਾ
ਦਿਲ ਦਾ ਗੀਤ
ਮਮਤਾ ਨੂੰ ਲੋੜ ਸੀ
ਬਸ ਜਿਉਂਦੇ ਰਹਿਣ ਦੀ
ਦਰਦ ਨੂੰ ਲੋੜ ਸੀ
ਚੁੱਪ ਚੁੱਪ ਸਭ ਸਹਿਣ ਦੀ
1 comment:
ਹਮੇਸ਼ਾਂ ਦੀ ਤਰ੍ਹਾਂ ਸਭ ਰਚਨਾਵਾਂ ਅੱਗੇ ਸਿਰ ਝੁਕਦਾ ਹੈ ।ਪਹਿਲੀ ਨਜ਼ਮ "ਇਨਸਾਫ" ਬਾਰੇ ਕੁਛ ਵਿਚਾਰ ਕਰਨੀ ਚਾਹਾਂਗਾ ।ਬਾਬਾ ਫਰੀਦ ਜੀ ਨੇ ਆਪਣੀ ਬਾਣੀ ਵਿੱਚ ਉਸ ਸਦੀਵੀ ਸੱਚ ਰੱਬ ਨੂੰ "ਕੰਤ" ਦੇ ਰੂਪ ਵਿੱਚ ਅਤੇ ਬਿਨਸਨਹਾਰ ਦੇਹ ਨੂੰ "ਜਿੰਦ ਵਹੁਟੀ" ਦੇ ਰੂਪ ਵਿਚ ਚਿਤਰਿਆ ਹੈ ।"ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥ " ਜਿੰਦ ਵਹੁਟੀ ਨੇ ਨਿਵਣ , ਖਵਣ ਤੇ ਜਿਹਵਾ ਮਣੀਆਂ ਮੰਤ ਦੇ ਤਿੰਨ ਗੁਣ ਧਾਰਨ ਕਰ
"ਸੰਸਾਰ ਪੇਕੇ ਘਰ"ਤੋਂ ਸਦੀਵੀ ਸੱਚ "ਸਹੁਰੇ ਘਰ" ਜਾਣਾ ਹੈ ਭਾਵ ਉਸ ਖਾਲਕ ਕੰਤ ਦੀ ਰਚਨਾ ਖਲਕਤ ਦੀ ਸੇਵਾ ਇਹ ਤ੍ਰੈ ਗੁਣ ਧਾਰਨ ਕਰ ਕੇ ਕਰਨੀ ਹੈ । ਉਹਨਾ ਦੇ ਬਚਨ ਹਨ "ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥" ਅਤੇ "ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ" ਉਹਨਾਂ ਦਾ ਉਪਦੇਸ਼ ਸਰਬ ਵਿਆਪਕ ਹੈ ਪਰ ਮੇਰੇ ਵਰਗੇ ਕੱਚ ਘਰੜ ਅਗਿਆਨੀਆਂ ਨੇ ਪਰਮ ਸੱਚ ਨੂੰ ਸੌੜੇ ਅਰਥਾਂ ਵਿੱਚ ਲਪੇਟ ਕੇ ਆਪਣੀ ਕੋਝੀ ਇੱਛਾਂ {ਇਸਤਰੀ ਨੂੰ ਪੈਰ ਦੀ ਜੁਤੀ ਸਮਝਣ}ਤੱਕ ਸੀਮਤ ਰੱਖਿਆ ਹੈ ਤੇ ਇਹੋ ਜਿਹੇ ਅਖੌਤੀ ਗਿਆਨੀ ਹਰ ਅਨੰਦ ਕਾਰਜ ਤੇ ਇਹਨਾਂ ਪੰਕਤੀਆਂ ਨੂੰ ਵਹੁਟੀ ਦੇ ਸਿਰ ਜਬਰਦਸਤੀ ਮੜ੍ਹ ਕੇ ਆਪਣੀ ਅਵਿਦਵਤਾ ਦਾ ਮੁਜ਼ਾਹਰਾ ਕਰਦੇ ਨਜ਼ਰ ਅਉਂਦੇ ਹਨ । ਦਵਿੰਦਰ ਕੌਰ ਜੀ ਨੇ ਇਸ ਨਜ਼ਮ ਰਾਹੀਂ ਇਸ ਕਰਾਰੀ ਚੋਟ ਮਾਰੀ ਹੈ ਇਸ ਇੱਕ ਪਾਸੜ ਸੋਚ ਤੇ ਤੇ ਮੇਰਾ ਸਿਰ ਖਾਸ ਤੌਰ ਤੇ ਇਸ ਕਲਮ ਅੱਗੇ ਨਤਮਸਤਕ ਹੈ
Post a Comment