ਖ਼ੁਸ਼ਕ ਲਿਖ, ਬੇਨੂਰ ਲਿਖ ਤੇ ਉਡ ਗਈ ਮੁਸਕਾਨ ਲਿਖ।
ਪਹਿਲਾਂ ਵਾਲੀ ਨਾ ਰਹੀ ਹੁਣ ਜ਼ਿੰਦਗੀ ਦੀ ਸ਼ਾਨ ਲਿਖ।
-----
ਡਲ੍ਹਕਦੇ ਨੈਣਾਂ 'ਚ ਸੁਪਨੇ ਹੋ ਰਹੇ ਨੀਲਾਮ ਨੇ,
ਕੱਚੀਆਂ ਲਗਰਾਂ ਦੇ ਥਾਂ ਥਾਂ ਸਿਸਕਦੇ ਅਰਮਾਨ ਲਿਖ।
-----
ਤਿੜਕਦਾ ਵਿਸ਼ਵਾਸ ਤੱਕ, ਨਹੁੰਆਂ ਤੋਂ ਟੁੱਟਦਾ ਮਾਸ ਤੱਕ,
ਪਿੰਡ ਵਿਚ ਅੱਜ ਕੱਲ੍ਹ ਕੋਈ ਹੁੰਦਾ ਨਹੀਂ ਹੈਰਾਨ ਲਿਖ।
-----
ਯਾਰ ਨੂੰ, ਦਿਲਦਾਰ ਨੂੰ, ਸਰਕਾਰ ਨੂੰ ਖ਼ਤ ਲਿਖਦੇ ਵਕ਼ਤ
ਖ਼ਾਹਿਸ਼ਾਂ ਵਿਚ ਜ਼ਜਬ ਹੋਈ ਬੰਦੇ ਦੀ ਪਹਿਚਾਨ ਲਿਖ।
-----
ਜ਼ਰਦ ਚਿਹਰੇ, ਸਹਿਮ, ਡਰ ਤੇ ਚਾਰੇ ਪਾਸੇ ਚੁੱਪ ਚਾਂ,
ਸ਼ਹਿਰ ਵੀ ਹੁਣ ਜਾਪਦੇ ਨੇ ਜਿਉਂ ਕੋਈ ਸ਼ਮਸ਼ਾਨ ਲਿਖ।
-----
ਮੁੱਠ ਹੱਡੀਆਂ ਸਾਂਭ ਕੇ, ਸਾਹਾਂ ਦੀ ਪੂੰਜੀ ਜੋੜ ਕੇ,
ਜ਼ਿੰਦਗੀ ਤੇ ਕਰ ਰਿਹੈ ਹਰ ਆਦਮੀ ਅਹਿਸਾਨ ਲਿਖ।
-----
ਜੇ ਗ਼ਜ਼ਲ ਦੀ ਮਹਿਕ ਚਾਹੁਨੈ ਪਿੰਡ ਦੀ ਹਰ ਜੂਹ ਤੀਕ,
ਕਿਰਤ ਲਿਖ, ਈਮਾਨ ਲਿਖ, ਮਜ਼ਦੂਰ ਲਿਖ, ਕਿਰਸਾਨ ਲਿਖ।
2 comments:
ਧਰਤੀ ਦਾ ਵਾਰਸ ਦੇਖਲਾ ਹੋਰ ਕੋਈ ਹੋ ਗਿਆ,
ਇਸ ਦਾ ਸੀਨਾ ਠਾਰੀਏ ਕਿਰਸਾਨ ਬਣਕੇ ਆ।
ਬਲਜੀਤਪਾਲ ਜੀ ਤੁਹਾਡਾ ਸ਼ੇਅਰ ਬਹੁਤ ਵਧੀਆ ਹੈ,ਹੋ ਸਕੇ ਤਾਂ ਪੂਰੀ ਗ਼ਜ਼ਲ ਪੇਸ਼ ਕਰੋ.
Post a Comment