ਖ਼ੁਸ਼ੀ ਵੀ ਹੈ, ਮਗਰ ਤਿੜਕਣ ਦਾ ਵੀ ਡਰ ਆ ਗਿਆ ਹੈ।
ਮੇਰੇ ਸ਼ੀਸ਼ੇ ਦੇ ਘਰ ਵਿਚ ਸੰਗਮਰਮਰ ਆ ਗਿਆ ਹੈ।
-----
ਕਿਤੇ ਮਨ ਵਿਚ ਕਣੀ ਰਿਸ਼ਤੇ ਦੀ ਧੁਖ਼ਦੀ ਰਹਿ ਗਈ ਹੋਣੀ,
ਜੋ ਵਰ੍ਹਿਆਂ ਬਾਦ੍ਹ ਮੁੜਕੇ ਘਰ ਮੁਸਾਫ਼ਿਰ ਆ ਗਿਆ ਹੈ।
-----
ਤੁਸੀਂ ਚਾਹਤ ਕਹੋ ਇਸਨੂੰ ਜਾਂ ਪਾਗਲਪਨ ਕਹੋ ਇਸਨੂੰ,
ਨਦੀ ਦੇ ਪਾਸ ਚਲਕੇ ਖ਼ੁਦ ਸਮੁੰਦਰ ਆ ਗਿਆ ਹੈ।
-----
ਨਹੀਂ ਮੰਜ਼ਿਲ ਕੁਈ, ਰੁਕਣਾ ਨਾ ਮੈਂ ਰ੍ਹਾਵਾਂ ਸਰਾਵਾਂ ਵਿਚ,
ਮੇਰੇ ਰਸਤੇ ‘ਚ ਭਾਵੇਂ ਮੀਲ ਪੱਥਰ ਆ ਗਿਆ ਹੈ।
-----
ਮੈਂ ਪਰ-ਹੀਣਾ ਪਰਿੰਦਾ, ਬੰਦ ਹਾਂ ਇਕ ਪਿੰਜਰੇ ਅੰਦਰ,
ਮੇਰੇ ਖ਼ਾਬਾਂ ‘ਚ ਐਵੇਂ ਨੀਲ-ਅੰਬਰ ਆ ਗਿਆ ਹੈ।
-----
ਨਿਸ਼ਾਨਾ ਲਾ ਗਿਆਂ ਮਛਲੀ ਦੀ ਅਖ ਵਿਚ, ਪਰ ਨ ਤੂੰ ਸ਼ਾਮਿਲ,
ਮੇਰੇ ਬਣਵਾਸ ਵਿਚ ਕੇਹਾ ਸੁਅੰਬਰ ਆ ਗਿਆ ਹੈ।
No comments:
Post a Comment