ਉਦ੍ਹੇ ਸਿਰ ਬੇਵਜ੍ਹਾ ਫਿਰ ਦੋਸ਼ ਲੱਗਿਆ ਹੈ।
ਭਲਾ ਨੈਣਾਂ 'ਚੋਂ ਐਵੇਂ ਨੀਰ ਵਗਦਾ ਹੈ।
-----
ਇਹ ਜਾਦੂ ਜਾਂ ਮੁਹੱਬਤ ਦਾ ਕਰਿਸ਼ਮਾ ਹੈ।
ਉਨ੍ਹੇ ਹਰ ਗ਼ਮ ਖ਼ੁਸ਼ੀ ਦੇ ਨਾਲ਼ ਜਰਿਆ ਹੈ।
-----
ਜੁਦਾ ਹੋ ਕੇ, ਕੀ ਹੋਈ ਹੈ , ਦਸ਼ਾ ਦਿਲ ਦੀ,
ਇਹ ਸੈਆਂ ਵਾਰ ਭਰਿਆ ਹੈ ਤੇ ਫਿੱਸਿਆ ਹੈ।
-----
ਮਲਾਹਾਂ ਨੇ ਨਹੀਂ ਤੱਕਿਆ ਪਿਛਾਂਹ ਮੁੜ ਕੇ,
ਜੋ ਗਿਰਿਆ ਸੀ, ਉਹ ਡੁੱਬਿਆ ਹੈ ਕਿ ਤਰਿਆ ਹੈ ।
-----
ਦਿਲਾਂ ਦੇ ਤਾਰ ਕੱਚੇ ਧਾਗਿਆਂ - ਵੱਤ ਨੇ ,
ਇਹ ਟੁੱਟੇ ਨੇ, ਜਦੋਂ ਵਿਸ਼ਵਾਸ ਟੁੱਟਿਆ ਹੈ।
-----
ਹਰਿਕ ਰਿਸ਼ਤਾ ਪਿਆਦੇ ਵਾਂਗ ਵਰਤੇ ਉਹ,
ਹਮੇਸ਼ਾ 'ਚੈੱਸ' ਜਿਹੀ ਉਹ ਚਾਲ ਚੱਲਦਾ ਹੈ।
-----
ਨਹੀਂ ਛਡ ਸਕਦਾ ਸੌੜੀ ਸੋਚ ਦਾ ਪੱਲਾ,
ਉਨ੍ਹੇ ਅਪਣੇ ਲਈ ਖ਼ੁਦ ਜਾਲ਼ ਬੁਣਿਆ ਹੈ।
-----
ਅਜੇਹਾ ਮੋੜ ਵੀ ਆਉਂਦੈ ਮੁਹੱਬਤ ਵਿੱਚ,
ਕਿ ਬੰਦਾ ਸੋਚਦੈ , ਜਿੱਤਿਆ ਕਿ ਹਰਿਆ ਹੈ।
-----
ਸਕ ਜਾਂਦੈ ਉਹ ਅਪਣੇ ਆਪ ਹੀ ਦਿਲ 'ਚੋਂ,
ਭੁਲਾਇਆਂ ਵੀ ਕਦੇ ਮਹਿਬੂਬ ਭੁੱਲਿਆ ਹੈ।
-----
ਜਦੋਂ ਫਸਿਆ ਤਾਂ ਜਾਣੇਗਾ ਕਦਰ ਇਸਦੀ ,
ਅਜੇ ਉਪਦੇਸ਼ ਉਸ ਨੂੰ ਬੋਝ ਲੱਗਦਾ ਹੈ।
-----
ਕਿਵੇਂ ਨਾ ਗੀਤ ਗਾਵੇ ਉਹ ਮੁਹੱਬਤ ਦੇ,
ਚਿਰਾਂ ਮਗਰੋਂ ਉਦ੍ਹਾ ਮਹਿਬੂਬ ਮਿਲ਼ਿਆ ਹੈ।
1 comment:
Wah!!ਹਰਿਕ ਰਿਸ਼ਤਾ ਪਿਆਦੇ ਵਾਂਗ ਵਰਤੇ ਉਹ,
ਹਮੇਸ਼ਾ 'ਚੈੱਸ' ਜਿਹੀ ਉਹ ਚਾਲ ਚੱਲਦਾ ਹੈ।
Post a Comment