-----
ਜਿਹੜੀ ਗੱਲ ਮੈਂ ਅੱਜ ਕਰਨੀ ਚਾਹੁੰਦੀ ਹਾਂ ਉਹ ਹੈ ਪੰਜਾਬੀ ‘ਚ ਲਿਖੇ ਜਾ ਰਹੇ ਹਾਇਕੂ ਬਾਰੇ। ਹਾਇਕੂ ਦੀ ਵਿਧਾ ਬਾਰੇ ਮੈਂ ਵਿਸਤਾਰ ‘ਚ ਨਹੀਂ ਜਾਵਾਂਗੀ ਕਿਉਂਕਿ ਇਸ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ। ਕੋਈ ਤਿੰਨ-ਚਾਰ ਸਾਲ ਪਹਿਲਾਂ ਜਾਪਾਨ ਤੋਂ ਪਰਮਿੰਦਰ ਸੋਢੀ ਜੀ ਵੈਨਕੂਵਰ ਫੇਰੀ ਤੋਂ ਬਾਅਦ ਕੈਲਗਰੀ ਆਏ ਸਨ, ਮੇਰੀ ਉਨ੍ਹਾਂ ਨਾਲ਼ ਹਾਇਕੂ ਬਾਰੇ ਰੇਡਿਓ ਦੇ ਸਟੂਡੀਓ ‘ਚ ਸੰਖੇਪ ਜਿਹੀ ਗੱਲਬਾਤ ਹੋਈ ਸੀ। ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਸੋਢੀ ਸਾਹਿਬ! ਤੁਹਾਨੂੰ ਨਹੀਂ ਲਗਦਾ ਕਿ ਜੇ ‘ਹਾਇਕੂ’ ਪੰਜਾਬੀਆਂ ਦੇ ਹੱਥ ਆ ਗਿਆ ਤਾਂ ਇਹਦੀ ਪੋਸ਼ਾਕ ਦੇ ਨਾਲ਼-ਨਾਲ਼ ਨੈਣ-ਨਕਸ਼ ਹੀ ਬਦਲ ਦੇਣਗੇ? ਉਹਨਾਂ ਹੱਸ ਕੇ ਜਵਾਬ ਦਿੱਤਾ ਸੀ: ਤਮੰਨਾ ਤੁਹਾਡਾ ਮਤਲਬ ਮੈਂ ਸਮਝ ਗਿਆ ਹਾਂ, ਜਿਵੇਂ ਹੁਣ ਕਵਿਤਾ ‘ਚੋਂ ਕਵਿਤਾ ਅਤੇ ਗ਼ਜ਼ਲ ‘ਚੋਂ ਗ਼ਜ਼ਲ ਨਹੀਂ ਲੱਭਦੀ, ਸ਼ਾਇਦ ਇਸ ਤਿੰਨ ਸਤਰਾਂ ਦੀ ਕਵਿਤਾ ਹਾਇਕੂ ਦਾ ਵੀ ਇਹੀ ਹਾਲ ਕਰ ਦੇਣਗੇ।
-----
ਚਾਰ ਕੁ ਸਾਲ ਪਹਿਲਾਂ ਹੋਈ ਇਹ ਗੱਲਬਾਤ ਮੈਨੂੰ ਅਕਸਰ ਪੰਜਾਬੀ ‘ਚ ਲਿਖੇ ਜਾ ਰਹੇ ਹਾਇਕੂ ਪੜ੍ਹ ਕੇ ਯਾਦ ਆ ਜਾਂਦੀ ਹੈ। ਕੋਈ ਭਵਿੱਖਬਾਣੀ ਤਾਂ ਨਹੀਂ ਸੀ ਕੀਤੀ, ਪਰ ਇਹ ਸੱਚ ਸਾਬਤ ਹੋਈ ਜਾ ਰਹੀ ਹੈ। ਹਿੰਦੀ ਤੇ ਪੰਜਾਬੀ ‘ਚ ਖ਼ਾਸ ਤੌਰ ਤੇ ਇੰਡੀਆ ਅਤੇ ਕੈਨੇਡਾ ‘ਚ ‘ਹਾਇਕੂ ਬੁਖ਼ਾਰ’ ਤੇਜ਼ੀ ਨਾਲ਼ ਫ਼ੈਲ ਰਿਹਾ ਹੈ। ਅੰਗਰੇਜ਼ੀ ‘ਚ ਲਿਖੇ ਜਾ ਰਹੇ ਹਾਇਕੂ ‘ਚ ਅਜੇ ਵੀ ਉੱਚਾ ਪੱਧਰ ਦੇਖਣ ਨੂੰ ਮਿਲ਼ ਜਾਂਦਾ ਹੈ। ਉਹੀ ਗੱਲ ਹੋਈ ਕਿ ਸਾਨੂੰ ਹਾਇਕੂ ਲਿਖਣਾ ਬਹੁਤ ਸੌਖਾ ਲੱਗਿਆ, ਅਸੀਂ ਹਜ਼ਾਰਾਂ ਦੇ ਹਿਸਾਬ ਤਿੰਨ-ਤਿੰਨ ਸਤਰਾਂ ਲਿਖ ਧਰੀਆਂ। ਪਰ ਜੇ ਨਿਰਖ ਨਾਲ਼ ਵੇਖੋ ਤਾਂ ਸ਼ਾਇਦ ਹਾਇਕੂ ਇੱਕਾ-ਦੁੱਕਾ ਹੀ ਮਿਲ਼ਣਗੇ। ਹੁਣ ਹਾਇਕੂ ਲਿਖਣ ਲਈ ਤੇ ਕਿਤਾਬਾਂ ਛਪਵਾਉਣ ਲਈ ਦੌੜ ਜਿਹੀ ਲੱਗੀ ਹੋਈ ਹੈ। ਦੋ-ਤਿੰਨ ਹਿੰਦੀ ਦੀਆਂ ਕਿਤਾਬਾਂ ਵੀ ਮੇਰੇ ਕੋਲ਼ ਪਹੁੰਚੀਆਂ ਸਨ, ਉਹਨਾਂ ‘ਚ ਵੀ ਹਾਇਕੂ ਭਾਲ਼ਿਆਂ ਨਹੀਂ ਥਿਆਉਂਦਾ। ਦਵਿੰਦਰ ਪੂਨੀਆ ਜੀ ਦੇ ਦੱਸਣ ਮੁਤਾਬਕ, ਪੰਜਾਬ ‘ਚ ਇਕ ਅਜਿਹਾ ਸਾਹਿਤਕ ਗਰੁੱਪ ਹੈ ਜਿਹੜਾ ਇਕ ਲੱਖ ਹਾਇਕੂ ਲਿਖਣ ਦਾ ਦਾਅਵਾ ਕਰਕੇ ਰਿਕਾਰਡ ਕਾਇਮ ਕਰਨ ‘ਚ ਲੱਗਿਆ ਹੋਇਆ ਹੈ। ਵਾਰ-ਵਾਰੇ ਜਾਈਏ!
-----
ਹਾਇਕੂ ਤਿੰਨ ਸਤਰਾਂ ‘ਚ ਲਿਖੀ ਜਾਂਦੀ ਕਵਿਤਾ, ਏਨੀ ਆਸਾਨ ਨਹੀਂ ਕਿ ਅਸੀਂ ਲਿਖਦੇ ਤੇ ਡੀਂਗਾਂ ਮਾਰਦੇ ਜਾਈਏ। ਬਿੰਬ ਨੂੰ ਘੱਟ ਤੋਂ ਘੱਟ ਸ਼ਬਦਾਂ ‘ਚ ਕ਼ੈਦ ਕਰਨਾ ਤੇ ਪਾਠਕ ਨੂੰ ਉਸ ਬਾਰੇ ਸੋਚਣ ਲਾਉਣਾ ਇਕ ਅਧਿਆਤਕ ਸਾਧਨਾ ਹੈ। ਪਰ ਅਸੀਂ ਤਾਂ ਅਜੋਕੀ ਗੀਤਕਾਰੀ ਵਾਂਗ ਭੱਈਏ, ਜੱਟ, ਟਰੈਕਟਰ, ਤੂੜੀ, ਪਰਾਲ਼ੀ, ਮੋਬਾਈਲ ਫ਼ੋਨ, ਕੋਠੀਆਂ ਦੁਆਲ਼ੇ ਹੀ ਹੋ ਗਏ, ਜਿਸ ਕਰਕੇ ਹਾਇਕੂ ਦਾ ਅਸਲੀ ਰੰਗ-ਰੂਪ ਰੁਲ਼ ਗਿਆ ਹੈ। ਓਨਟਾਰੀਓ, ਕੈਨੇਡਾ ਵਸਦੇ ਲੇਖਕ ਅਮਰਜੀਤ ਸਾਥੀ ਸਾਹਿਬ ਨੇ ‘ਨਿਮਖ਼’ ਨਾਂ ਦੇ ਖ਼ੂਬਸੂਰਤ ਹਾਇਕੂ-ਸੰਗ੍ਰਹਿ ਨਾਲ਼ ਪੰਜਾਬੀ ‘ਚ ਪਹਿਲੀ ਕਿਤਾਬ ਪ੍ਰਕਾਸ਼ਿਤ ਕੀਤੀ। ਯਤਨ ਕਾਬਿਲੇ-ਤਾਰੀਫ਼ ਸੀ। ਫੇਰ ਦਵਿੰਦਰ ਪੂਨੀਆ ਜੀ ਦੀ ‘ਕਣੀਆਂ’ ਆਈ। ਮੈਂ ਵਾਹ-ਵਾਹ ਕੀਤੇ ਬਗੈਰ ਨਾ ਰਹਿ ਸਕੀ। ਹਾਇਕੂ ਨੂੰ ਪੰਜਾਬੀ ‘ਚ ਨਵੇਂ ਅੱਯਾਮ ਮਿਲ਼ ਰਹੇ ਸਨ, ਇਸਦੀ ਖ਼ੁਸ਼ੀ ਹੋਈ।
-----
ਦੋਸਤੋ! ਵੇਖ ਲੈਣਾ, ਇਸ ਸਾਲ ਦੇ ਅੰਦਰ-ਅੰਦਰ ਪੰਜ-ਛੇ ਕਿਤਾਬਾਂ ਹਾਇਕੂ ਤੇ ਆਉਣਗੀਆਂ। ਤੇ ਮੈਂ ਤਾਂ ਏਥੇ ਤੱਕ ਸੁਣਿਐ ਕਿ ਕਈ ਬੀਬੀਆਂ ਵੀ ਚੋਰੀ-ਛੁਪੇ ਹਾਇਕੂ ਲਿਖਦੀਆਂ ਨੇ, ਤਾਂ ਕਿ ਜਦੋਂ ਕਿਤਾਬ ਆਵੇ ਤਾਂ ਉਹਨਾਂ ਦਾ ਨਾਮ ‘ਪ੍ਰਥਮ ਮਹਿਲਾ ਹਾਇਕੂ ਲੇਖਿਕਾ’ ਦੇ ਤੌਰ ਤੇ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਵੇ। ਲਿਖੋ, ਜੀਅ ਸਦਕੇ ਲਿਖੋ, ਪਰ ਉਹ ਹਾਇਕੂ ਜ਼ਰੂਰ ਹੋਵੇ। ਅੰਗਰੇਜ਼ੀ ‘ਚੋਂ ਪੰਜਾਬੀ ‘ਚ ਉਲੱਥਾ ਕਰਕੇ ਛਾਪਣਾ ਕਿੱਧਰ ਦੀ ਸਾਧਨਾ ਹੈ? ਇਸ ਨਾਲ਼ ਰੀਸਾਈਕਲਿੰਗ ਦੀ ਮਾਤਰਾ ਹੀ ਵਧਦੀ ਹੈ, ਸਿੱਖਣ-ਮਾਨਣ ਨੂੰ ਕੁਝ ਨਹੀਂ ਹੁੰਦਾ। ਜੇ ਮੈਂ ਹਾਇਕੂ ਲਿਖਾਂ ਤਾ ਮੈਨੂੰ ਇਸ ਗੱਲ ਦਾ ਡਰ ਨਹੀਂ ਹੋਣਾ ਚਾਹੀਦਾ ਕਿ ਮੈਥੋਂ ਪਹਿਲਾਂ ਕੋਈ ਕਿਤਾਬ ਨਾ ਛਪਵਾ ਜਾਵੇ। ਸਗੋਂ ਇਹ ਨਿਸਚਾ ਹੋਣਾ ਚਾਹੀਦੈ ਕਿ ਕਿਤਾਬ ਚਾਹੇ 8-10 ਸਾਲ ਬਾਅਦ ਪ੍ਰਕਾਸ਼ਿਤ ਕਰਾਂ, ਉਸ ਵਿਚੋਂ ਹਾਇਕੂ ਦਾ ਰੰਗ ਜ਼ਰੂਰ ਹੋਵੇ। ਨਾ ਹੀ ਮੇਰੇ ਮਨ ‘ਚ ਇਹ ਹੰਕਾਰ ਹੋਣਾ ਚਾਹੀਦੈ ਕਿ ਮੇਰੀ ਪਹਿਲੀ ਕਿਤਾਬ ਦੀ ਬੜੀ ਚਰਚਾ ਹੋਈ ਸੀ, ਨਵਾਂ ਹਾਇਕੂ ਸੰਗ੍ਰਹਿ ਸਾਰੇ ਰਿਕਾਰਡ ਤੋੜ ਦੇਵੇਗਾ। ਇਕ ਲੋਕ-ਬੋਲੀ ਚੇਤੇ ਆ ਗਈ:
“ ਮੈਂ ਗੱਜ ਕੇ ਮੁਕੱਦਮਾ ਜਿੱਤਿਆ,
ਹੋਇਆ ਕੀ ਜੇ ਭੋਂ ਵਿਕ ਗਈ ।”
-----
ਸੂਝਵਾਨ ਦੋਸਤੋ! ਲਿਖਣਾ ਕੋਈ ਮਜ਼ਾਕ ਨਹੀਂ ਹੈ, ਇਹ ਸਾਧਨਾ ਦੇ ਨਾਲ਼-ਨਾਲ਼ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ। ਇੰਝ ਵੀ ਹੋਇਆ ਹੈ ਕਿ ਪਿਛਲੇ ਸਾਲ ਆਰਸੀ ਤੇ ਸੁਰਿੰਦਰ ਸੋਹਲ ਜੀ ਦੁਆਰਾ ਭੇਜੀ ਨਿਊ ਯੌਰਕ ਵਸਦੇ ਉਰਦੂ ਦੇ ਇਕ ਲੇਖਕ ਦੀ ਖ਼ੂਬਸੂਰਤ ਨਜ਼ਮ ਪੋਸਟ ਕੀਤੀ ਗਈ ਤੇ ਅਗਲੇ ਹੀ ਮਹੀਨੇ ਉਹ ਕਿਸੇ ਪੰਜਾਬੀ ਲੇਖਕ ਦੀ ਕਿਤਾਬ 'ਚ ਪ੍ਰਕਾਸ਼ਿਤ ਰੂਪ ‘ਚ ਆ ਗਈ। ਇਹ ਗੱਲਾਂ ਵੀ ਚੰਗੀਆਂ ਨਹੀਂ। ਹਾਇਕੂ ਵਾਲ਼ਾ ਹਾਲ ‘ਤ੍ਰਿਵੇਣੀਆਂ’ ਅਤੇ ‘ਤਾਨਕਾ’ ਨਜ਼ਮਾਂ ਦਾ ਹੋਣ ਵਾਲ਼ਾ ਹੈ। ਜਿਹੜੇ ਚਾਰ-ਚਾਰ ਕਿਤਾਬਾਂ ਛਪਵਾ ਕੇ ਗ਼ਜ਼ਲਾਂ ਬੇ-ਬਹਿਰੀਆਂ ਲਿਖਦੇ ਨੇ, ਉਹ ‘ਤ੍ਰਿਵੇਣੀਆਂ’ ਵੱਲ ਹੋ ਤੁਰੇ ਨੇ ਜਾਂ ਸੋਚਦੇ ਨੇ ਕਿ ਨਜ਼ਮਾਂ ਦੀ ਕਿਤਾਬ ਦਾ ਕੁਝ ਨਹੀਂ ਬਣਿਆ, ਚਲੋ ਹਾਇਕੂ/ਤਾਨਕਾ ਹੀ ਲਿਖ ਲਈਏ। ਗੁਲਦਾਨ ਵੀ ਨਫ਼ਾਸਤ ਨਾਲ਼ ਸਜਾਏ ਕਮਰੇ ਦੀ ਹੀ ਸ਼ੋਭਾ ਵਧਾਉਂਦਾ ਹੈ।
-----
ਹਾਇਕੂ ਦੇ ਸੰਦਰਭ ‘ਚ ਸਾਥੀ ਸਾਹਿਬ, ਦਵਿੰਦਰ ਪੂਨੀਆ ਜੀ ਦੇ ਨਾਲ਼-ਨਾਲ਼ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ ਜਗਜੀਤ ਸੰਧੂ ਜੀ ਦਾ – ਜਿਨ੍ਹਾਂ ਦੀਆਂ ਗ਼ਜ਼ਲਾਂ/ ਨਜ਼ਮਾਂ ਏਨੀਆਂ ਖ਼ੂਬਸੂਰਤ ਹੁੰਦੀਆਂ ਨੇ ਕਿ ਮੈਂ ਅਕਸਰ ਉਹਨਾਂ ਨੂੰ ਆਖਦੀ ਹੁੰਦੀ ਹਾਂ ਕਿ ਕਿਤਾਬ ਛਪਵਾਉਣ ‘ਚ ਘੌਲ਼ ਕਿਉਂ?? ਉਹ ਜਿੱਥੇ ਗ਼ਜ਼ਲਾਂ ਦੇ ਕਾਫ਼ੀਏ /ਰਦੀਫ਼ਾਂ ਤੇ ਏਨੀ ਮਿਹਨਤ ਕਰਦੇ ਹਨ, ਕਦੇ-ਕਦੇ ਅਤਿ-ਖ਼ੂਬਸੂਰਤ ਹਾਇਕੂ ਵੀ ਲਿਖਦੇ ਹਨ। ਮੈਂ ਆਖਦੀ ਹੁੰਨੀ ਆਂ ਕਿ ਜਗਜੀਤ ਜੀ! ਤੁਹਾਡੇ ਤੇ ਦਵਿੰਦਰ ਪੂਨੀਆ ਜੀ ਦੇ ਹਾਇਕੂ ਇਤਿਹਾਸ ਸਿਰਜਣਗੇ। ਅੱਜ ਆਰਸੀ ‘ਚ ਜਗਜੀਤ ਜੀ ਦੇ ਲਿਖੇ ਕੁਝ ਹਾਇਕੂ ਸ਼ਾਮਲ ਕਰਦਿਆਂ ਮੈਨੂੰ ਦਿਲੀ ਖ਼ੁਸ਼ੀ ਹੋ ਰਹੀ ਹੈ। ਜਗਜੀਤ ਜੀ ਦੀ ਕਲਮ ਨੂੰ ਮੇਰਾ ਸਲਾਮ। ਬਹੁਤ-ਬਹੁਤ ਸ਼ੁਕਰੀਆ। ਇਕ ਗੱਲ ਹਮੇਸ਼ਾ ਯਾਦ ਰੱਖੀਏ ਤੇ ਪੱਲੇ ਬੰਨ੍ਹੀਏ :
“ ਕਾਹਲ਼ੀ ਦੀ ਘਾਣੀ ।
ਅੱਧਾ ਤੇਲ ਅੱਧਾ ਪਾਣੀ ।”
ਅਦਬ ਸਹਿਤ
ਤਨਦੀਪ ‘ਤਮੰਨਾ’
********
ਹਾਇਕੂ
ਸੁੰਨਾ ਸ਼ਿਕਾਰ ਮਚਾਨ
ਕਾਰਤੂਸਾਂ ਦੇ ਖੋਖੇ
ਇੱਕ ਨਿੱਕੀ ਜਿਹੀ ਬਾਈਬਲ
=====
ਪਾਣੀ ਸੁੱਤਾ ਘੂਕ
ਓੜ ਰਜਾਈ ਬਰਫ਼ ਦੀ
ਸੁਪਨਿਆਂ ਵਿੱਚ ਹੁਨਾਲ਼
=====
ਪੱਤੇ ਫੁੱਲ ਗੁਆ ਕੇ
ਬਿਰਖ਼ ਬਣੇ
ਬੇਤਾਜ ਬਾਦਸ਼ਾਹ
=====
ਵੇਖੇ ਵਗਦੀ ਨੈਂਅ
ਸੂਰਜ ਤੇ ਪਰਛਾਵੇਂ ਦੇ
ਵਿਚਕਾਰ ਖਲੋਤਾ ਮੈਂ
=====
ਹਾਂ ਮੇਰਾ ਹੀ ਦਿਲ ਹੈ
ਜਿਹੜਾ ਹੁਣੇ ਹੁਣੇ
ਝੜਿਆ ਹੈ ਪੱਤਾ
=====
ਆਪਣੇ ਖੰਭ ਸੰਭਾਲ਼
ਝੀਲ ‘ਚ ਬੱਤਖ਼ਾਂ ਤੈਰਨ
ਲੈ ਪਰਛਾਵੇਂ ਨਾਲ਼
=====
ਪੋਟੇ ਪੁੜਿਆ ਕੰਡਾ
ਵੇਖੇ ਤੋਂ ਹੀ ਦੁਖਦਾ
ਵੈਸੇ ਰਹਿੰਦਾ ਵਿੱਸਰਿਆ
=====
ਮੌਜੇ ਮੇਚ ਦੇ
ਪੈਰੀਂ ਪਾਏ
ਕੱਕੀ ਰੇਤ ਦੇ
=====
ਉਹ ਪੜ੍ਹੇ ਕਿਤਾਬ
ਦੂਰੋਂ ਉਹ ਕਿਤਾਬ
ਪੜ੍ਹਾਂ ਮੈਂ ਉਸਦੇ ਚਿਹਰੇ ‘ਤੇ
=====
ਵੱਡੇ ਬਾਈ ਦੀ ਡਾਂਗ
ਸੰਮਾਂ ਉੱਤੇ ਜੰਗਾਲ਼
ਮਿਟਿਆ ਜਿਹਾ ਕੋਈ ਨਾਮ
=====
ਕਮਰੇ ਦੀ ਬੱਤੀ ਜਗਾਈ
ਘਰ ਅੰਦਰ ਹੀ ਦਿਸਿਆ
ਜੀਵਨ ਦਾ ਹਰ ਰਾਹ
=====
ਪਾਟੇ ਲੀੜਿਆਂ
ਵਾਲ਼ੀ ਮਾਈ
ਚੁਗੇ ਕਪਾਹ
No comments:
Post a Comment