ਬਣ ਗਏ ਕੰਡਿਆਂ ‘ਤੇ ਵੀ ਰਾਹ ਨੇ ਕਿਵੇਂ, ਜੇ ਦੇਖਦੇ।
ਇਸ ਤਰ੍ਹਾਂ ਬੇਆਸ ਹੋ ਕੇ ਫਿਰ ਕਦੀ ਨਾ ਲੇਟਦੇ।
-----
ਧੁੰਦ ਹੈ ਤਾਂ ਸਫ਼ਰ ਫਿਰ ਵੀ ਰੱਖਣਾ ਜਾਰੀ ਪਊ,
ਬੈਠ ਕਦ ਤੀਕਰ ਰਹੋਗੇ ਧੂਣੀਆਂ ਨੂੰ ਸੇਕਦੇ।
-----
ਆ ਕਿ ਹੁਣ ਮੰਜ਼ਿਲ ‘ਤੇ ਪਹੁੰਚਣ ਦਾ ਵੀ ਕਰੀਏ ਹੌਸਲਾ,
ਐਵੇਂ ਹੀ ਪਿੱਛੇ ਨਾ ਪਈਏ ਕਿਸਮਤਾਂ ਦੇ ਲੇਖ ਦੇ।
-----
ਕੋਲ਼ ਹੁਣ ਦਿਸਦਾ ਨਹੀਂ ਹੈ ਕੋਈ ਵੀ ਤਾਂ ਆਪਣਾ,
ਮੁਸ਼ਕਿਲਾਂ ਵਿਚ ਸਭ ਹੀ ਬਦਲੇ ਦੇਖਦੇ ਹੀ ਦੇਖਦੇ।
-----
ਦਿਨ ਚੜ੍ਹਨ ਦੇ ਨਾਲ਼ ਹੀ ਫਿਰ ਉਭਰ ਆਇਐ ਜ਼ਿਹਨ ਵਿਚ,
ਨਾਮ ਜਿਹੜਾ ਰਾਤ ਸਾਰੀ ਹੀ ਰਹੇ ਸਾਂ ਮੇਟਦੇ।
-----
ਬਣ ਕੇ ਇਕ ਔਰਤ ਮਿਰੇ ਸਾਹਵੇਂ ਸੀ ਪਰਗਟ ਹੋ ਗਿਆ,
ਸਦਕੇ ਜਾਵਾਂ ਰੱਬ ਦੇ ਐਸੇ ਵਚਿੱਤਰ ਭੇਖ ਦੇ।
-----
ਭਾਲ਼ਦੇ ਸਾਂ ਜਿਸਨੂੰ ਉਹ ਤਾਂ ਅਪਣੇ ਅੰਦਰ ਮਿਲ਼ ਗਿਆ,
ਐਵੇਂ ਹੀ ਫਿਰਦੇ ਰਹੇ ਹਰ ਥਾਂ ‘ਤੇ ਮੱਥੇ ਟੇਕਦੇ।
No comments:
Post a Comment