ਨਜ਼ਮ
ਪੰਛੀ
ਪਿੰਜਰੇ ‘ਚ ਬੰਦ
ਵਿਦਰੋਹ ‘ਚ
ਸ਼ੋਰ ਕਰ ਰਿਹਾ ਸੀ---
ਆਜ਼ਾਦ
ਹੋਣਾ ਚਾਹੁੰਦੈਂ ---?
ਹਾਂ---
ਮੈਂ ਪਿੰਜਰੇ ਦਾ ਬੂਹਾ ਖੋਲ੍ਹ ਦਿੱਤਾ।
ਪੰਛੀ ਉਡਾਰੀ ਮਾਰ ਗਿਆ।
ਪਰ ਸ਼ੋਰ ਹਾਲੇ ਵੀ ਕਰ ਰਿਹਾ ਸੀ।
ਵਿਦਰੋਹ ‘ਚ ਨਹੀਂ
ਆਜ਼ਾਦ ਹੋਣ ਦੀ ਖ਼ੁਸ਼ੀ ‘ਚ।
...................
ਕੁਝ ਪਲਾਂ ਲਈ ਅੰਬਰ ਗਾਹਿਆ
ਹੋਰ ਪੰਛੀਆਂ ਨਾਲ ਸਿਆਣ ਕੱਢਣੀ ਚਾਹੀ
ਓਪਰਾ ਸਮਝ ਕਿਸੇ ਲੜ ਨਾ ਲਾਇਆ।
ਖਿਲਾਅ ‘ਚ ਕੁਝ ਚਿਰ
ਉਡਾਰੀ ਲਾ
ਨਿਰਾਸ਼, ਚੁੱਪ ਸਾਧੀ
ਪਰਤ ਆਇਆ
ਆਪਣੇ ਪਿੰਜਰੇ ‘ਚ।
................
ਹੁਣ ਕੀ---?
ਮੈਂ ਪੁਛਿਆ-
ਆਜ਼ਾਦੀ ਖ਼ਾਤਿਰ ਤਾਂ
ਮੇਰਾ ਤਾਂ ਸਿਰਨਾਵਾਂ ਹੀ ਗੁਆਚ ਗਿਆ ਸੀ।
ਇਸ ਪਿੰਜਰੇ ਤੋਂ ਬਾਹਰ ਜੋ
ਅਸੀਮਤਾ ਹੈ,
ਅਨੰਨਤਾ ਹੈ
ਉਸ ‘ਚ ਕੋਈ ਅਪੱਣਤ ਹੀ ਨਹੀਂ।
ਕਿਸੇ ਦਾ ਕੋਈ ਸਿਰਨਾਵਾਂ ਨਹੀਂ।
...........
ਵਿਦਰੋਹੀ ਸ਼ੋਰ
ਖ਼ਾਮੋਸ਼ ਸੀ।
ਕੈਦ ਹਾਂ
ਮੇਰਾ ਸਿਰਨਾਵਾਂ ਤਾਂ ਹੈ--
ਪਿੰਜਰੇ ਤੋਂ ਬਾਹਰ
ਪੰਛੀ ਦਾ ਕੋਈ ਸਿਰਨਾਵਾਂ ਨਹੀਂ।
..................
ਸੋਚਦਾ ਹਾਂ
ਕਿ ਮੈਂ ਵੀ ਆਪਣੇ ਅੰਦਰ ਦੇ
ਵਿਦਰੋਹੀ ਸ਼ੋਰ ਨੂੰ ਮੁਕਤ ਕਰਕੇ ਵੇਖਾਂ
ਆਪਣੇ ਸਿਰਨਾਵੇਂ ਤੋਂ
ਕਿ ਕੀ ਕਿਧਰੇ ਕੋਈ
ਅਪਣੱਤ ਬਾਹਵਾਂ ਉਲਾਰਦੀ ਹੈ
ਸਿਰਨਾਵੇਂ ਤੋਂ ਬਿਨਾ?
..............
ਤੇ
ਸ਼ਾਇਦ ਪਤਾ ਲੱਗਣ ਤੇ
ਮੇਰੇ ਅੰਦਰ ਦਾ ਸ਼ੋਰ ਵੀ
ਚੁੱਪ ਹੀ ਹੋ ਜਾਵੇ?
No comments:
Post a Comment