ਨਜ਼ਮ
ਨਫ਼ਰਤ ਦੀ ਅੱਗ ਦੇ ਅੰਗਿਆਰੇ
ਸਾਡੇ ਵਿਹੜੇ ਪੈਣ
ਧਰਤੀ ਦੀ ਕੁੱਖ ਲਾਵਾ ਉਗਲ਼ੇ
ਹਰ ਪਲ ਪਾਵੇ ਵੈਣ ।
...........
ਅਗਨੀ ਮਹਿਜ਼ ਭੁਲੇਖਾ ਹੋ ਗਈ
ਜਿੰਦ ਬਣੀ ਕਲਬੂਤ
ਵਕਤ ਦੇ ਮੋਢੇ ਸੂਲ਼ੀ ਟੰਗੀ
ਮੱਥੇ ਵਿਚ ਤਾਬੂਤ ।
.............
ਪਿੰਡ ਮੇਰੇ ਦੀਆਂ ਗਲ਼ੀਆਂ ਅੰਦਰ
ਰਾਤੀਂ ਭੌਂਕਣ ਕੁੱਤੇ
ਕੰਨੀਉਂ ਪਾਟੀਆਂ ਚਿੱਠੀਆਂ ਆਵਣ
ਰੋਈਏ ਸੋਗ ਵਿਗੁੱਤੇ ।
..............
ਬੁੱਲ੍ਹ ਹਿਲਦੇ ਪਰ ਬੋਲ ਨਾ ਨਿਕਲ਼ੇ
ਸਾਡੇ ਮੂੰਹੋਂ ਕੋਈ
ਪਿੰਡ ਦੇ ਬਾਹਰ ਬਸੀਂਵਿਉਂ ਹੋ ਗਏ
ਇਹ ਅਨਹੋਣੀ ਹੋਈ ।
..............
ਹੁਣ ਤਾਂ ਦੇਖ ਉਦਾਸੀ ਵਾਲੇ
ਲੰਮੇ ਹੋਏ ਪ੍ਰਛਾਵੇਂ
ਪਿੰਡ ਦੀਆਂ ਜੂਹਾਂ ਸੁਪਨਾ ਬਣਕੇ
ਘੁੰਮਣ ਅੱਖਾਂ ਸਾਹਵੇਂ।
................
ਪੈਣ ਜਦੋਂ ਪੱਛੋਂ ਦੀਆਂ ਕਣੀਆਂ
ਤਨ, ਮਨ ਨਾ ਮਹਿਕਾਵੇ
ਨਾ ਕਿਧਰੇ ਕੋਈ ਕੋਇਲ ਬੋਲੇ
ਮੋਰ ਨਾ ਪੈਲਾਂ ਪਾਵੇ ।
.................
ਹਰ ਪਲ ਨੱਚਦਾ ਹਰ ਪਲ ਗਾਉਂਦਾ
ਫੇਰ ਵੀ ਤਾਲ ਅਧੂਰੇ
ਜਿੰਦ ਸੋਨੇ ਦੀ ਕਿੱਲੀ ਟੰਗਕੇ
ਭਰਮ ਪਾਲ਼ੀਏ ਪੂਰੇ ।
.................
ਨਾ ਅੰਬੀਆਂ ਦੀ ਮਹਿਕ ਸੰਧੂਰੀ
ਨਾ ਹੀ ਦੇਸ ਦੁਆਬਾ
ਬੱਚਿਆਂ ਲਈ ਹਟਕੋਰੇ ਬਣ ਗਏ
ਆਪਣੇ ਦਾਦੀ , ਬਾਬਾ ।
................
ਤਿੜਕੀਆਂ ਸੋਚਾਂ ’ਤੇ ਲੱਖ ਪਰਦੇ
ਪੂਰੇ ਲੱਭਣ ਟਾਵੇਂ
ਗ਼ਮ ਦੀ ਬੁੱਕਲ਼ ਮਾਰੀ ਬੈਠੇ
ਲੋਕੀ ਨੇ ਹਰ ਥਾਵੇਂ ।
................
ਕਿੰਝ ਜੀਊਂਦੇ ਹਾਂ ਕੋਲ਼ ਪਰਾਇਆਂ
ਪੱਲੇ ਬੰਨ੍ਹ ਉਦਾਸੀ
ਏਥੇ ਜੀਵੀਏ , ਏਥੇ 'ਈ ਮਰੀਏ
ਪਰ ਰਹੀਏ ਪਰਵਾਸੀ ।
...............
ਕਾਲ਼ੇ ਸਮਿਆਂ ਦੀ ਨਗਰੀ ਵਿਚ
ਦਿਨ ਵੀ ਜਾਪੇ ਰਾਤ
ਮਨ ਵਿਚ ਵਸਦੀ ਹਾੜ੍ਹ ਦੀ ਗਰਮੀ
ਨੈਣਾਂ ਵਿਚ ਬਰਸਾਤ ।
.................
ਪਿੰਡ ਬੇਗਾਨੇ ਕੀ ਐ ਚੰਗਾ
ਜਲ਼ੇ ਜੀਊਂਦਾ ਮਾਸ
ਫੁੱਲ ਵਰਗੀ ਜਿੰਦ ਸੁਹਲ ਸੜ ਗਈ
ਫਿਰੇ ਤੜਪਦੀ ਆਸ ।
No comments:
Post a Comment