ਅਜੋਕਾ ਨਿਵਾਸ: ਪੈਰਿਸ, ਫਰਾਂਸ
ਪ੍ਰਕਾਸ਼ਿਤ ਕਿਤਾਬਾਂ: ਗੀਤ-ਸੰਗ੍ਰਹਿ: ਬਿਰਹਾ ਦੇ ਸੱਲ ( 2006) ਅਤੇ ਕਿਵੇਂ ਸਹਾਂ ਸੱਲ ਵੇ ( 2009) ਪ੍ਰਕਾਸ਼ਿਤ ਹੋ ਚੁੱਕੇ ਹਨ।
ਇਨਾਮ-ਸਨਮਾਨ: ਸਮਾਜ ਸੇਵਾ ਲਈ ਮਹਾਤਮਾ ਗਾਂਧੀ ਮੈਡਲ ( 2006) ਅਤੇ ਨਹਿਰੂ ਪੀਸ ਐਵਾਰਡ ( 2009) ਨਾਲ਼ ਸਨਮਾਨਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਮਾਜ-ਸੇਵਾ ਅਤੇ ਸਾਹਿਤਕ ਉਪਲੱਬਧੀਆਂ ਲਈ ਅਨੇਕਾਂ ਇਨਾਮ-ਸਨਮਾਨਾਂ ਨਾਲ਼ ਮੈਡਮ ਚੰਨ ਜੀ ਨੂੰ ਦੁਨੀਆਂ ਦੀਆਂ ਕਈ ਸੰਸਥਾਵਾਂ ਸਨਾਮਨਿਤ ਕਰ ਚੁੱਕੀਆਂ ਹਨ, ਜਿਨ੍ਹਾਂ ਦਾ ਵੇਰਵਾ ਏਥੇ ਦੇਣਾ ਮੁਸ਼ਕਿਲ ਹੈ। ਮੈਡਮ ਜੀ ਨੂੰ ਪੈਰਿਸ ਦੀ ਅੰਬੈਸੀ ‘ਚ 26 ਜਨਵਰੀ, 2009 ਨੂੰ ਆਪਣਾ ਖ਼ੂਬਸੂਰਤ ਦੇਸ਼-ਭਗਤੀ ਦੇ ਰੰਗ ‘ਚ ਰੰਗਿਆ ਗੀਤ ‘ਝੁੱਲ-ਝੁੱਲ ਵੇ ਤਿਰੰਗਿਆ’ ਗਾ ਕੇ ਪੇਸ਼ ਕਰਨ ਵਾਲ਼ੇ ਪਹਿਲੇ ਭਾਰਤੀ ਹੋਣ ਦਾ ਮਾਣ ਵੀ ਹਾਸਲ ਹੈ।
------
ਦੋਸਤੋ! ਚਾਰ-ਪੰਜ ਕੁ ਸਾਲ ਪਹਿਲਾਂ ਕੈਲਗਰੀ ‘ਚ ਮੈਨੂੰ ਇਕ ਫ਼ੋਨ ਕਾਲ ਆਈ...ਖਰ੍ਹਵੀਂ ਜਿਹੀ ਆਵਾਜ਼ ‘ਚ ਕਿਸੇ ਨੇ ਕਿਹਾ.. “ ਤਮੰਨਾ ਬੇਟੇ! ਮੈਂ ਪੈਰਿਸ ਤੋਂ ਕੁਲਵੰਤ ਕੌਰ ਚੰਨ ਬੋਲ ਰਹੀ ਹਾਂ। ਤੇਰਾ ਨੰਬਰ ਜਰਮਨੀ ਤੋਂ ਗੁਰਦੀਸ਼ਪਾਲ ਕੌਰ ਬਾਜਵਾ (ਮੀਡੀਆ ਪੰਜਾਬ) ਕੋਲੋਂ ਲਿਆ ਹੈ। ਤੇਰੀਆਂ ਨਜ਼ਮਾਂ ਨੇ ਮੈਨੂੰ ਕੀਲ ਕੇ ਰੱਖ ਦਿੱਤਾ ਤਾਂ ਮੇਰਾ ਚਿੱਤ ਕੀਤਾ ਕਿ ਤੇਰੇ ਨਾਲ਼ ਗੱਲ ਕਰਾਂ...” ਗੱਲਾਂ ਹੁੰਦੀਆਂ ਰਹੀਆਂ। ਅਚਾਨਕ ਮੈਨੂੰ ਯਾਦ ਆਇਆ ਕਿ ਗੁਰਦੀਸ਼ ਭੈਣ ਜੀ ਨੇ ਆਖਿਆ ਸੀ ਕਿ ਜੇ ਕਦੇ ਮੈਡਮ ਚੰਨ ਜੀ ਕਾਲ ਕਰਨ ਤਾਂ ਉਹਨਾਂ ਕੋਲ਼ੋਂ ਗੀਤ ਜ਼ਰੂਰ ਸੁਣ ਕੇ ਵੇਖੀਂ। ਮੈਡਮ ਚੰਨ ਜੀ ਦੇ ਕਈ ਗੀਤ ਮੈਂ ਪੜ੍ਹੇ ਹੋਏ ਸਨ। ਮੈਂ ਕਿਹਾ, “ ਮੈਡਮ! ਤੁਹਾਡੀ ਆਵਾਜ਼ ਦੀ ਮੈਂ ਬੜੀ ਤਾਰੀਫ਼ ਸੁਣੀ ਹੈ, ਕੁਝ ਸੁਣਾਓ, ਪਲੀਜ਼!”
-----
ਮੇਰੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਮੈਡਮ ਜੀ ਨੇ ਇਕ ਗੀਤ ਛੋਹ ਲਿਆ......ਇਕ ਗੀਤ....ਦੋ ਗੀਤ....ਤਿੰਨ.......ਤੇ ਫੇਰ ਤਾਂ ਮੈਂ ਏਨੀ ਮੰਤਰ-ਮੁਗਧ ਹੋਈ ਕਿ ਗਿਣਤੀ ਹੀ ਭੁੱਲ ਗਈ....ਦਰਅਸਲ ਅਸੀਂ ਦੋਵੇਂ ਵਕ਼ਤ ਹੀ ਭੁੱਲ ਗਈਆਂ। ਮੈਡਮ ਚੰਨ ਜੀ ਨੇ ਲਗਾਤਾਰ ਢਾਈ-ਤਿੰਨ ਘੰਟੇ ਫ਼ੋਨ ਤੇ ਗੀਤ ਸੁਣਾਏ। ਉਹ ਸੁਣਾਈ ਜਾਣ ਤੇ ਮੈਂ ਵਾਹ-ਵਾਹ ਕਰਦੀ...ਅੱਥਰੂ ਵਹਾਉਂਦੀ ਜਾਵਾਂ। ਇਹਨਾਂ ਦੀ ਆਵਾਜ਼ ਪ੍ਰਸਿੱਧ ਪੰਜਾਬੀ ਗਾਇਕਾ ਮਰਹੂਮ ਨਰਿੰਦਰ ਬੀਬਾ ਜੀ ਦੀ ਆਵਾਜ਼ ਨਾਲ਼ ਹੂ-ਬ-ਹੂ ਮਿਲ਼ਦੀ ਸੀ। ਮੈਂ ਤਾਂ ਜਿਵੇਂ ਫ਼ੋਨ ‘ਤੇ ਹੀ ਕੀਲੀ ਗਈ। ਉਹੀ ਗੀਤ ਜਿਹੜੇ ਮੈਂ ਪੜ੍ਹੇ ਹੋਏ ਸਨ, ਜਦੋਂ ਇਹਨਾਂ ਦੀ ਆਵਾਜ਼ ‘ਚ ਸੁਣੇ ਤਾਂ ਲੱਗਿਆ ਕਿ ਉਹ ਸੰਪੂਰਨ ਹੋ ਗਏ ਸਨ, ਉਹਨਾਂ ਨੂੰ ਅਰਥ ਮਿਲ਼ ਗਏ ਸਨ। ਗੀਤਾਂ ਅਤੇ ਇਹਨਾਂ ਦੀ ਆਵਾਜ਼ ਵਿਚਲਾ ਦਰਦ ਤੇ ਕਸਕ ਨਿਰਾਲੀ ਸੀ। ਮੱਲੋ-ਮੱਲੀ ਕਲੇਜੇ ਧੂਹ ਪੈਂਦੀ ਸੀ। ਥੋੜ੍ਹੇ ਦਿਨਾਂ ਬਾਅਦ ਮੈਂ ਵੈਨਕੂਵਰ ਆਈ ਤਾਂ ਮੈਡਮ ਜੀ ਨੇ ਫੇਰ ਕਾਲ ਕੀਤੀ...ਡੈਡੀ ਜੀ ਬਾਦਲ ਸਾਹਿਬ ਅਤੇ ਮੰਮੀ ਜੀ ਮਿਸਿਜ਼ ਬਾਦਲ ਨੇ ਜਦੋਂ ਘੰਟਾ ਭਰ ਗੀਤ ਸੁਣੇ ਤਾਂ ਉਹਨਾਂ ਨੂੰ ਤਾਰੀਫ਼ ਕਰਨ ਲਈ ਸ਼ਬਦ ਥੋੜ੍ਹੇ ਜਾਪੇ। ਇੰਝ ਸਾਡਾ ਵਰ੍ਹਿਆਂ-ਬੱਧੀ ਰਾਬਤਾ ਬਣਿਆ ਰਿਹਾ ਅਤੇ ਦਿਲਾਂ ‘ਚ ਮੁਹੱਬਤ ਦਿਨ-ਬ-ਦਿਨ ਵਧਦੀ ਗਈ।
-----
ਮੈਂ ਪੁੱਛਿਆ ਕਿ ਮੈਡਮ ਏਨਾ ਚਿਰ ਕਿੱਥੇ ਛੁਪੇ ਰਹੇ ਓ? ਤਾਂ ਉਹਨਾਂ ਸਾਰੀ ਕਹਾਣੀ ਬਿਆਨ ਕੀਤੀ ਤੇ ਦੱਸਿਆ ਕਿ ਇਹ ਸਾਰੇ ਗੀਤ ਉਹਨਾਂ ਆਪਣੇ ਜੀਵਨ-ਸਾਥੀ ਸ: ਰਣਜੀਤ ਸਿੰਘ ਚੰਨ ਜੀ ਤੋਂ ਕੁਝ ਸਾਲ ਦੂਰ ਰਹਿੰਦਿਆਂ ਜੰਮੂ ‘ਚ ਲਿਖੇ ਸਨ। ਗੀਤ ਇਕ...ਦੋ...ਵੀਹ ਜਾਂ ਸੌ ਨਹੀਂ...ਸਗੋਂ ਹਜ਼ਾਰਾਂ ਦੀ ਗਿਣਤੀ ‘ਚ ਲਿਖੇ ਸੰਦੂਕਾਂ ‘ਚ ਬੰਦ ਪਏ ਨੇ। ਏਸ ਕਰਕੇ ਗੀਤਾਂ ‘ਚ ਦਰਦ-ਵਿਛੋੜੇ ਦਾ ਜ਼ਿਕਰ ਆਮ ਹੈ। ਜੇਕਰ ਇੰਝ ਆਖ ਲਈਏ ਕਿ ਮੈਡਮ ਚੰਨ ਜੀ ਪੰਜਾਬੀ ਦੀ ਇਕਲੌਤੀ ਗੀਤਕਾਰਾ ਹੈ ( ਗੀਤਕਾਰਾਂ ਨੂੰ ਛੱਡ ਕੇ) ਤਾਂ ਇਸ ‘ਚ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਜਿੰਨੇ ਗੀਤ ਉਹਨਾਂ ਨੇ ਲਿਖੇ ਨੇ ਸ਼ਾਇਦ ਹੀ ਕਿਸੇ ਪੰਜਾਬੀ ਕਵਿੱਤਰੀ ਨੇ ਲਿਖੇ ਹੋਣ ਅਤੇ ਸੋਨੇ ਤੇ ਸੁਹਾਗਾ...ਏਨੀ ਦਿਲਕਸ਼ ਤੇ ਖ਼ੂਬਸੂਰਤ ਆਵਾਜ਼ ਰੱਬ ਨੇ ਬਖ਼ਸ਼ੀ ਹੈ। ਏਸ ਆਵਾਜ਼ ‘ਚ ਏਨਾ ਮੋਹ ਹੈ ਕਿ ਇਨਸਾਨ ਖ਼ੁਦ-ਬ-ਖ਼ੁਦ ਕੀਲਿਆ ਜਾਂਦਾ ਹੈ।
-----
ਕੱਲ੍ਹ-ਪਰਸੋਂ ਫੇਰ ਗੱਲ ਹੋਈ ਤੇ ਮੈਂ ਆਖਿਆ ਮੈਡਮ ਜੀ ਹੁਣ ਬਾਕੀ ਰਹਿੰਦੇ ਗੀਤ ਵੀ ਕਿਤਾਬੀ ਰੂਪ ‘ਚ ਪਾਠਕਾਂ ਨੂੰ ਦੇ ਦਿਓ। ਹੱਸ ਕੇ ਆਖਣ ਲੱਗੇ, “ ਤਮੰਨਾ! ਜੇ ਤੂੰ ਲੇਖ ਲਿਖੇਂ ਤਾਂ ਮੈਂ ਕਿਤਾਬ ਛਪਵਾ ਦਿਆਂ, ਦੱਸ ਵਾਅਦਾ ਕਰਦੀ ਏਂ??? ਕਿਉਂਕਿ ਤੂੰ ਕਈ-ਕਈ ਸਾਲ ਚੁੱਪ ਰਹਿੰਦੀ ਏਂ, ਨਾ ਕੋਈ ਫ਼ੋਨ ਨਾ ਕੋਈ ਮੇਲ ਦਾ ਜਵਾਬ, ਕਈ ਵਾਰ ਤੇਰੇ ‘ਤੇ ਖਿਝ ਵੀ ਆਉਣ ਲੱਗ ਪੈਂਦੀ ਹੈ, ਪਰ ਤੂੰ ਹੈਂ ਹਰ-ਦਿਲ ਅਜ਼ੀਜ਼...ਅਸੀਂ ਵੀ ਕੀ ਕਰੀਏ। ਵਾਅਦਾ ਕਰ ਹੁਣ ਗੁੰਮ ਨਹੀਂ ਹੋਵੇਂਗੀ....ਤੇ ਜਲਦੀ ਆਪਣੀ ਕਿਤਾਬ ਛਪਵਾ ਕੇ ਪੈਰਿਸ ਆਵੇਂਗੀ...ਤੈਨੂੰ ਮਿਲ਼ਣ ਨੂੰ ਬੜਾ ਦਿਲ ਕਰਦੈ!” ਏਨੀ ਵਧੀਆ ਗੀਤਕਾਰਾ ਮੈਨੂੰ ਏਨਾ ਮਾਣ ਦੇ ਰਹੀ ਸੀ, ਮੇਰੀਆਂ ਅੱਖਾਂ ਛਲਕ ਪਈਆਂ। ਇਹ ਹੈ ਮੈਡਮ ਚੰਨ ਜੀ ਦੀ ਮੁਹੱਬਤ ਅਤੇ ਹੱਦ ਤੋਂ ਵਧਕੇ ਨਿਮਰ ਸੁਭਾਅ ਦੀ ਮਿਸਾਲ। ਲਿਖਣ ਲੱਗਿਆਂ ਵਰਕ਼ੇ ਘੱਟ ਜਾਣ।
-----
ਸੋ ਦੋਸਤੋ! ਅੱਜ ਮੈਡਮ ਕੁਲਵੰਤ ਕੌਰ ਚੰਨ ਜੀ ਦੀ ਆਰਸੀ ‘ਚ ਹਾਜ਼ਰੀ ਸਾਡਾ ਸੁਭਾਗ ਹੈ। ਮੈਂ ਸਾਰੇ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦੀ ਹੋਈ ਉਹਨਾਂ ਦੇ ਲਿਖੇ ਤਿੰਨ ਬੇਹੱਦ ਖ਼ੂਬਸੂਰਤ ਗੀਤ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ‘ਆਰਸੀ ਰਿਸ਼ਮਾਂ’ ਤੇ ਲੰਡਨ ਤੋਂ ਸ: ਸ਼ਮਸ਼ੇਰ ਸਿੰਘ ਰਾਏ ਜੀ ਨੇ ਮੈਡਮ ਜੀ ਬਾਰੇ ਲਿਖਿਆ ਇਕ ਲੇਖ ਘੱਲ ਕੇ ਹਾਜ਼ਰੀ ਲਵਾਈ ਹੈ, ਉੱਥੇ ਵੀ ਫੇਰੀ ਜ਼ਰੂਰ ਪਾਓ। ਜਲਦ ਹੀ ‘ਆਰਸੀ ਸੁਰ-ਸਾਜ਼’ ਤੇ ਮੈਡਮ ਜੀ ਦੀ ਸੁਰੀਲੀ ਆਵਾਜ਼ ‘ਚ ਕੁਝ ਗੀਤ ਪੋਸਟ ਕੀਤੇ ਜਾਣਗੇ...ਇੰਤਜ਼ਾਰ ਕਰਨਾ ਅਤੇ ਆਰਸੀ ਤੇ ਬਕਾਇਦਗੀ ਨਾਲ਼ ਫੇਰੀ ਪਾਉਂਦੇ ਰਹਿਣਾ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
**********
ਬਾਬਲ ਦੀ ਮੈਂ ਬਹੁਤ ਲਾਡਲੀ
ਗੀਤ
ਬਾਬਲ ਦੀ ਮੈਂ ਬਹੁਤ ਲਾਡਲੀ, ਮਾਂ ਦੀ ਬਹੁਤ ਪਿਆਰੀ ਸੀ।
ਭੈਣਾਂ ਦੀ ਮੈਂ ਜਿੰਦ ਜਾਨ, ਤੇ ਵੀਰਾਂ ਰਾਜ ਦੁਲਾਰੀ ਸੀ।
ਮੈਂ ਨਹੀ ਜਾਣਾ ਸਹੁਰੇ ਵੀਰੋ, ਡੋਲੀ ਇਥੋ ਚੁੱਕ ਲਓ ਵੇ।
ਹੌਕੇ ਭਰ ਭਰ ਅੱਜ ਪਈ ਕਹਿੰਦੀ, ਦੋ ਦਿਨ ਹੋਰ ਰੱਖ ਲਓ ਵੇ।
ਬਾਬਲ ਦੀ ਮੈਂ ਬਹੁਤ ਲਾਡਲੀ, ਮਾਂ ਦੀ ਬਹੁਤ....
-----
ਵੀਰੇ ਨੂੰ ਛੇੜ ਛੇੜ ਕੇ, ਜਦੋਂ ਅੱਗੇ ਅੱਗੇ ਨੱਸਦੀ ਸੀ।
ਪੋਲੇ ਪੋਲੇ ਪੈਰਾਂ ਦੇ ਨਾਲ, ਵਿਹੜੇ ਦੇ ਵਿਚ ਨੱਚਦੀ ਸੀ।
ਖੋਹ ਕੇ ਹੱਥੋਂ ਪੇੜੇ ਬਰਫੀ, ਉੱਚੀ ਉੱਚੀ ਹੱਸਦੀ ਸੀ।
ਮੇਰੇ ਪੈਰ ਨੂੰ ਠੁੱਡਾ ਲੱਗੇ, ਵੀਰੇ ਨੂੰ ਗਾਲ੍ਹਾਂ ਕੱਢਦੀ ਸੀ।
ਅੱਗੇ ਮੈਂ ਤੇ ਪਿੱਛੇ ਵੀਰਾ, ਦੁਨੀਆਂ ਕਿਆ ਨਿਆਰੀ ਸੀ....
ਬਾਬਲ ਦੀ ਮੈਂ ਬਹੁਤ ਲਾਡਲੀ, ਮਾਂ ਦੀ ਬਹੁਤ ....
-----
ਇਹ ਵੀ ਮੇਰਾ ਉਹ ਵੀ ਮੇਰਾ, ਸਾਰਾ ਘਰ ਹੀ ਮੇਰਾ ਏ।
ਅੱਖੀਆਂ ਨਮ ਕਰ ਅੰਮੜੀ ਕਹਿੰਦੀ, ਧੀਏ ਨੀ ਸਭ ਤੇਰਾ ਏ।
ਕੀ ਪਤਾ ਦਿਨ ਚਾਰ ਪ੍ਰਾਹੁਣੀ, ਹੋਰ ਕਿਤੇ ਸਾਡਾ ਡੇਰਾ ਏ।
ਪਾਰ ਸਮੁੰਦਰੋਂ ਦੂਰ ਦੁਰਾਡੇ, ਫਿਰ ਜੋਗੀ ਵਾਲਾ ਫੇਰਾ ਏ।
ਬੇਵੱਸ ਤੇ ਹੈਰਾਨ ਨੇ ਅੱਖੀਆਂ, ਛੱਡੀ ਚੌਧਰਦਾਰੀ ਸੀ....
ਬਾਬਲ ਦੀ ਮੈਂ ਬਹੁਤ ਲਾਡਲੀ, ਮਾਂ ਦੀ ਬਹੁਤ .....
-----
ਅੱਜ ਤਾਂ ਮਾਂ ਪ੍ਰਦੇਸੀ ਹੋਏ, ਹੱਕ ਨਹੀਂ ਸਾਡਾ ਹੁਣ ਕੋਈ।
ਬਾਬਲ ਵੀਰੇ ਗਲ਼ ਲੱਗ ਕੇ ‘ਕੁਲਵੰਤ’ ਵੀ ਭੁੱਬਾਂ ਮਾਰ ਰੋਈ।
ਸਾਹਵੇਂ ਬਾਬਲ ਖੜ੍ਹਾ ਵੇਖਦਾ, ਅੰਮੜੀ ਬੇਵੱਸ ਹੋਈ ਸੀ।
ਤਾਈਆਂ, ਚਾਚੀਆਂ, ਭਾਬੀਆਂ ਵੇਖਣ, ਸਾਹਵੇਂ ਪਈ ਅਧਮੋਈ ਸੀ।
ਵੱਡਾ ਜਿਗਰਾ ਕਰਕੇ ਮੈਂ ਤਾਂ, ਸਾਜਨ ਡਗਰ ਨਿਹਾਰੀ ਸੀ...
ਬਾਬਲ ਦੀ ਮੈਂ ਬਹੁਤ ਲਾਡਲੀ, ਮਾਂ ਦੀ ਬਹੁਤ ....
=====
ਸਾਨੂੰ ਭੁੱਲਣ ਵਾਲ਼ਿਆ ਵੇ...
ਗੀਤ
ਸਾਨੂੰ ਭੁੱਲਣ ਵਾਲ਼ਿਆ ਵੇ, ਤੇਰੀ ਯਾਦ ਸਤਾਵੇ।
ਅੱਥਰੂ ਛੁਪ ਛੁਪ ਕੂਕਦੇ, ਹੌਕੇ ਭਰਦੇ ਹਾਅਵੇ।
ਸਾਨੂੰ ਭੁੱਲਣ ਵਾਲ਼ਿਆ ਵੇ ਤੇਰੀ....
-----
ਸੋਚ ਵਿਚਾਰੀ ਤੜਪਦੀ, ਰੋਵੇ ਵਾਂਗ ਸ਼ੁਦਾਈਆਂ।
ਧੜਕਨ ਮੂੰਹ ਛੁਪਾਂਵਦੀ, ਕਿਉਂ ਫਾਹੀਆਂ ਪਾਈਆਂ।
ਵੱਡਾ ਜਿਗਰਾ ਤੇਰਾ, ਖ਼ੁਸ਼ੀਆਂ ਆਪ ਮਨਾਵੇਂ।
ਢੋਂਗੀਆਂ ਕਰਕੇ ਢੋਂਗ ਤੂੰ, ਕਿਉਂ ਨਾ ਸ਼ਰਮਾਏਂ।
ਸਾਥੋਂ ਤਾਂ ਹੁਣ ਰੁੱਸ ਗਏ, ਸਾਡੇ ਹੀ ਸਾਏ....
ਸਾਨੂੰ ਭੁੱਲਣ ਵਾਲ਼ਿਆ ਵੇ ਤੇਰੀ....
-----
ਬੀਤੇ ਦਿਨ ਨਹੀ ਭੁੱਲਦੇ, ਕਿਵੇਂ ਭੁੱਲ ਤੂੰ ਬੈਠਾ।
ਪਿਆਰ ਤੈਨੂੰ ਨਹੀ ਲੱਭਣਾ, ਤੇਰਾ ਯਾਰ ਏ ਪੈਸਾ।
‘ਕੁਲਵੰਤ’ ਲਿਖ ਲਿਖ ਆਖਦੀ, ਨਾ ਪਿਆਰ ਵੇ ਕਰਿਓ।
ਜੀਅ ਲਇਓ ਕੋਈ ਚਾਰ ਦਿਨ ਬੇਮੌਤ ਨਾ ਮਰਿਓ।
ਕਾਹਨੂੰ ਖ਼ੁਸ਼ੀਆਂ ਦੇ ਕੇ ਲੈਣੇ ਨੇ ਹਾਅਵੇ...
ਸਾਨੂੰ ਭੁੱਲਣ ਵਾਲ਼ਿਆ ਵੇ ਤੇਰੀ....
=====
ਇਹ ‘ਯਾਦਾਂ ਦੇ ਫੁੱਲ’ ਗੀਤ, ਉਸ ਫ਼ੌਜੀ ਬਾਰੇ ਹੈ, ਜਿਸ ਦਾ ਅਜੇ ਨਵਾਂ-ਨਵਾਂ ਵਿਆਹ ਹੋਇਆ ਹੁੰਦਾ ਹੈ ਤੇ ਜੰਗ ਵਿਚ ਸ਼ਹੀਦ ਹੋ ਜਾਂਦਾ ਹੈ। ਜਦੋਂ ਉਸ ਦੀ ਲਾਸ਼ ਘਰ ਆਉਂਦੀ ਹੈ, ਤਾਂ ਉਹਦੀ ਨਵ-ਵਿਆਹੀ ਨਾਰ ਜਿਸ ਦੇ ਅਰਮਾਨ ਅਜੇ ਪੂਰੇ ਨਹੀਂ ਹੋਏ ਸਨ, ਆਪਣੇ ਹੱਥੀਂ ਪਾਇਆ ਚੂੜਾ ਉਤਾਰਦੀ ਹੈ ਤਾਂ ਸਾਰੇ ਉਸ ਨੂੰ ਫੜ ਕੇ ਹੌਸਲਾ ਦਿੰਦੇ ਨੇ ਤੇ ਉਹ ਕਿਵੇਂ ਕੀਰਨੇ ਪਾਉਂਦੀ ਤੇ ਵਿਲਕਦੀ ਹੈ:--
ਗੀਤ
ਦੀਵੇ ਦੀ ਲੈ ਕੇ ਨਿੱਕੀ ਜਿਹੀ ਲੋਅ।
ਗ਼ਮਾਂ ਦਾ ਧਾਗਾ ਸੂਈ ‘ਚ ਪਰੋਅ।
ਉਮਰਾਂ ਦੀ ਫੁਲਕਾਰੀ ਲੈ ਕੇ
ਯਾਦਾਂ ਦੇ ਫੁੱਲ ਕੱਢਦੀ ਰਹੁ।
ਦੀਵੇ ਦੀ ਲੈ ਕੇ ਨਿੱਕੀ …
-----
ਤੇਰਾ ਝੂਠਾ ਲਾਰਾ ਸੱਜਣਾ, ਬਾਝੋਂ ਤੇਰੇ ਕੁਝ ਨਹੀਂ ਲੱਭਣਾ।
ਲਾਵਾਂ ਲੈ ਕੇ ਚਾਰ ਵੇ ਸੱਜਣਾ, ਜਿਊਂਦੀ ਦਿੱਤਾ ਮਾਰ ਵੇ ਸੱਜਣਾ।
ਚੂੜੇ ਬਾਂਹ ਅਜੇ ਨਿੱਕੀ ਨਾ ਹੋਈ, ਹੱਥਾਂ ਦੀ ਮਹਿੰਦੀ ਅਜੇ ਫ਼ਿੱਕੀ ਨਾ ਹੋਈ,
ਮੇਰੇ ਨਾਲ ਕੀਤਾ ਇਹ ਕੀ ਧ੍ਰੋਹ...
ਦੀਵੇ ਦੀ ਲੈ ਕੇ ਨਿੱਕੀ ਲੋਅ...
-----
ਅਜੇ ਤਾਂ ਬਣ ਠਣ ਬਹੇ ਨਹੀਂ ਸੱਜਣਾ, ਦੁੱਖ ਸੁੱਖ ਦਿਲ ਦੇ ਕਹੇ ਨਹੀਂ ਸੱਜਣਾ!
ਪੀਘਾਂ ਪਿਆਰ ਦੀਆਂ ਨਹੀਂ ਪਾਈਆਂ, ਰੀਝਾਂ ਦਿਲ ਦੀਆਂ ਨਹੀਂ ਲਾਹੀਆਂ।
ਅੱਖੀਆਂ ਕਜਲਾ ਪਾਇਆ ਨਹੀਂ, ਵਾਲੀਂ ਗਜਰਾ ਲਾਇਆ ਨਹੀਂ।
ਕਰਕੇ ਤਿਆਰੀ ਮੌਤ ਗਈ ਏ ਖਲੋਅ....
ਦੀਵੇ ਦੀ ਲੈ ਕੇ ਨਿੱਕੀ ਲੋਅ...
-----
ਮਾਂ ਦੇ ਹਾਸੇ ਲੈ ਗਿਆ ਖੋਹ ਕੇ, ਗ਼ਮਾਂ ਦੇ ਹੰਝੂ ਦੇ ਗਿਆ ਧੋ ਕੇ।
‘ਕੁਲਵੰਤ’ ਲੱਭਾ ਕਿਥੋ ਚੰਨ ਮਾਹੀ ਢੋਲੇ, ਗ਼ਮਾਂ ਮਾਰੀ ਮਾਂ ਗ਼ਮ ਕੀਹਦੇ ਅੱਗੇ ਫੋਲੇ।
ਤੇਰੇ ਬਾਝੋਂ ਗਲ਼ੀਆਂ ਸੁੰਨੀਆਂ ਹੋਈਆਂ ਲੱਭਦਾ ਨਹੀਂ ਅਸਾਂ ਲੱਭ ਲੱਭ ਭੋਈਆਂ।
ਛਮ ਛਮ ਰੋਂਦੇ ਵੀਰ ਭੈਣ ਤੇ ਪਿਓ...
ਦੀਵੇ ਦੀ ਲੈ ਕੇ ਨਿੱਕੀ …
No comments:
Post a Comment